ਚੰਡੀਗੜ : ਖਾਲਸੇ ਦੀ ਵਿਰਾਸਤੀ ਅਤੇ ਜੰਗਜੂ ਖੇਡ ਗੱਤਕਾ ਹੁਣ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ.) ਦੇ ਖੇਡ ਕੈਲੰਡਰ ਵਿੱਚ ਸ਼ਾਮਲ ਹੋਣ ਸਦਕਾ ਰਾਸ਼ਟਰੀ ਸਕੂਲ ਖੇਡਾਂ ਦਾ ਅੰਗ ਬਣ ਗਈ ਹੈ ਜਿਸ ਲਈ ਦੇਸ਼ ਦੇ ਸਮੂਹ ਗੱਤਕਾ ਖਿਡਾਰੀਆਂ ਵਿੱਚ ਇਸ ਮਾਣਮੱਤੀ ਪ੍ਰਾਪਤੀ ਲਈ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ ਸਿੰਘ ਓਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਇੱਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਪਰਾਤਨ ਖੇਡ ਨੂੰ ਰਾਸ਼ਟਰੀ ਮਾਨਤਾ ਮਿਲਣ ਨਾਲ ਯਕੀਨਨ ਹੀ ਜਿੱਥੇ ਇਸ ਖੇਡ ਦਾ ਦਾਇਰਾ ਵਿਸ਼ਾਲ ਹੋਵੇਗਾ ਅਤੇ ਮਕਬੂਲੀਅਤ ਵਧੇਗੀ ਉਥੇ ਹੀ ਚਿਰਾਂ ਤੋਂ ਉਡੀਕ ਵਿੱਚ ਬੈਠੇ ਗੱਤਕਾ ਖਿਡਾਰੀਆਂ ਨੂੰ ਦੂਜੀਆਂ ਸਥਾਪਤ ਖੇਡਾਂ ਦੇ ਖਿਡਾਰੀਆਂ ਵਾਂਗ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਉਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਵਾਲੀ ਖੇਡ ਖੇਡਣ ਲਈ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਤੋਂ ਬਚ ਕੇ ਵਿਰਾਸਤ ਨਾਲ ਜੁੜੇ ਰਹਿਣ ਅਤੇ ਗੱਤਕੇ ਦੀ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਗੱਤਕਾ ਖੇਡ ਦੇ ਅੰਤਰ-ਵਰਸਿਟੀ ਪੱਧਰ ‘ਤੇ ਵੀ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਹੋਏ ਐਮ.ਓ.ਯੂ. ਤਹਿਤ ਇੱਕ ਸਾਲ ਦਾ ਕੋਰਸ ”ਡਿਪਲੋਮਾ ਇੰਨ ਗੱਤਕਾ ਟਰੇਨਿੰਗ” ਵੀ ਸ਼ੁਰੂ ਹੋ ਚੁੱਕਾ ਹੈ। ਉਨਾ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ।
ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ ਪਟਿਆਲਾ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਗੱਤਕਾ ਮਾਸਟਰ ਨੇ ਇਸ ਪ੍ਰਾਪਤੀ ਲਈ ਢੀਂਡਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਗੱਤਕੇ ਨੂੰ ਮਾਨਤਾ ਮਿਲਣ ਨਾਲ ਗੱਤਕਾ ਖਿਡਾਰੀਆਂ ਦੀ ਦਹਾਕਿਆਂ ਪੁਰਾਣੀ ਮੰਗ ਦੀ ਪੂਰਤੀ ਹੋਈ ਹੈ। ਉਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਵੱਲੋਂ ਇਸੇ ਮਹੀਨੇ ਗੱਤਕਾ ਨਿਯਮਾਂਵਲੀ-2014 ਦਾ ਸੋਧਿਆ ਰੂਪ ਅੰਗਰੇਜੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਉਨਾਂ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਉਪ ਨਿਰਦੇਸ਼ਕ ਖੇਡਾਂ ਸਰਬਜੀਤ ਸਿੰਘ ਤੂਰ ਦੀ ਅਗਵਾਈ ਹੇਠ ਹੁਣ ਭਾਰਤ ਦੇ ਸਾਰੇ ਸੂਬਿਆਂ ਨੂੰ ਇਨ੍ਹਾਂ ਖੇਡਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਹਿੱਤ 26 ਤੋਂ29 ਮਈ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹਿਲਾ ਕੌਮੀ ਪੱਧਰੀ ਗੱਤਕਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਾਰ ਇਹ ਖੇਡਾਂ 19 ਸਾਲ ਉਮਰ ਵਰਗ ਦੇ ਖਿਡਾਰੀਆਂ ਲਈ ਹੋਣਗੀਆਂ ਜਦਕਿ ਆਉਂਦੇ ਵਰ੍ਹਿਆਂ ਦੌਰਾਨ ਇਨ੍ਹਾਂ ਨੂੰ ਬਾਕੀ ਉਮਰ ਵਰਗਾਂ ਤੱਕ ਵੀ ਲਿਜਾਇਆ ਜਾਵੇਗਾ।