ਪਟਿਆਲਾ: ਸਿੱਖ ਮਾਰਸ਼ਲ ਆਰਟ ਗੱਤਕਾ ਦੇਸ਼ ਦੀ ਪੁਰਾਤਨ ਖੇਡ ਹੈ ਜਿਸ ਨੂੰ ਪ੍ਰਫੁੱਲਤ ਕੀਤੇ ਜਾਣ ਦੀ ਬੇਹੱਦ ਲੋੜ ਹੈ ਪਰ ਇਸ ਖੇਡ ਦੇ ਮੂਲ ਸਰੂਪ ਨੂੰ ਕਾਇਮ ਰੱਖਦੇ ਹੋਏ ਟੀ.ਵੀ. ਚੈਨਲਾਂ ਉਪਰ ਗੱਤਕੇ ਦੇ ਨਾਅ ਹੇਠ ਪੇਸ਼ ਕੀਤੀ ਜਾ ਰਹੀ ਸਟੰਟਬਾਜੀ ਅਤੇ ਬਾਜ਼ੀਗਿਰੀ ਕਰਤੱਬਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਇਹ ਸਟੰਟ ਕਦੇ ਵੀ ਸਾਡੀ ਮਾਣਮੱਤੀ ਖੇਡ ਦਾ ਹਿੱਸਾ ਨਹੀਂ ਰਹੇ।
ਇਹ ਵਿਚਾਰ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਕੈਂਪਸ ਵਿਖੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਯੋਜਿਤ ਚੌਥੇ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਸਮਾਜ ਵਿੱਚ ਪ੍ਰਚੱਲਤ ਮੌਜੂਦਾ ਹਾਲਾਤ ਨੂੰ ਦੇਖਦਿਆਂ ਲੜਕਿਆਂ ਨੂੰ ਨਸ਼ਿਆਂ ਤੋਂ ਲਾਂਭੇ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਗੱਤਕਾ ਇਸ ਕਰਕੇ ਵਧੀਆ ਖੇਡ ਹੈ ਕਿਉਂਕਿ ਇਹ ਖੇਡ ਅਪਨਾਉਣ ਕਰਕੇ ਲੜਕੇ ਅਤੇ ਖਾਸ ਕਰਕੇ ਲੜਕੀਆਂ ਖੇਡ ਦੇ ਨਾਲ-ਨਾਲ ਆਪਣੀ ਸਵੈ-ਰੱਖਿਆ ਵੀ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਖੇਡ ਜਾਂ ਸੱਭਿਆਚਾਰ ਤਾਂ ਹੀ ਪ੍ਰਫੁੱਲਤ ਹੋ ਸਕਦਾ ਹੈ ਜੇਕਰ ਉਸ ਨੂੰ ਅਕਾਦਮਿਕ ਅਤੇ ਖੋਜ ਖੇਤਰ ਵਿਚ ਪ੍ਰਫੁੱਲਤ ਕੀਤਾ ਜਾਵੇ। ਇਸੇ ਮਨੋਰਥ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦਰਮਿਆਨ ਪਿਛਲੇ ਸਾਲ ਹੋਏ ਐਮ.ਓ.ਯੂ ਤਹਿਤ ਯੂਨੀਵਰਸਿਟੀ ਵੱਲੋਂ ਗੱਤਕਾ ਖੇਡ ਨੂੰ ਅਕਾਦਮਿਕ, ਖੋਜ ਅਤੇ ਵਿਗਿਆਨਕ ਪੱਧਰ ਤੇ ਪ੍ਰਫੁੱਲਤ ਕੀਤਾ ਜਾਵੇਗਾ ਤਾਂ ਜੋ ਇਹ ਵਿਰਾਸਤੀ ਖੇਡ ਸਦੀਵੀਂ ਕਾਇਮ ਰਹੇ।
ਇਸ ਮੌਕੇ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਨੈਸ਼ਨਲ ਰਿਫਰੈਸ਼ਰ ਕੋਰਸ ਵਿਚ ਸਮੂਹ ਖਿਡਾਰੀਆਂ ਦੇ ਰਹਿਣ-ਸਹਿਣ ਦਾ ਪ੍ਰਬੰਧ ਜਿਲ੍ਹਾ ਗੱਤਕਾ ਐਸੋਸੀਏਸ਼ਨ ਪਟਿਆਲਾ ਵੱਲੋਂ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ 250 ਦੇ ਕਰੀਬ ਸਿੱਖਿਅਤ ਗੱਤਕਾ ਖਿਡਾਰੀ ਆਪਣੇ ਖੇਡ ਹੁਨਰ ਦੇ ਵਿਕਾਸ ਲਈ ਹਿੱਸਾ ਲੈ ਰਹੇ ਹਨ। ਉਨਾਂ ਕਿਹਾ ਕਿ ਭਵਿੱਖ ਵਿਚ ਹੋਰਨਾਂ ਰਾਜਾਂ ਵਿਚ ਵੀ ਅਜਿਹੇ ਕੈਂਪ ਗੱਤਕਾ ਸਿਖਲਾਈ ਕੈਂਪ ਲਾਏ ਜਾਣਗੇ।
ਇਸ ਮੌਕੇ ਬੋਲਦਿਆਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਹੁਣ ਤੱਕ 48 ਮੁਫਤ ਗਤਕਾ ਸਿਖਲਾਈ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਨੈਸ਼ਨਲ ਪੱਧਰ ਦਾ ਇਹ ਚੌਥਾ ਰਿਫਰੈਸ਼ਰ ਕੋਰਸ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦਾ ਸਮੂਹ ਖਿਡਾਰੀ ਸੁਚੱਜਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜਾ ਕੋਰਸ ਦੌਰਾਨ ਖੇਡ ਮਾਹਿਰਾਂ ਵਲੋਂ ਖਿਡਾਰੀਆਂ ਨੂੰ ਗੱਤਕਾ ਖੇਡ ਦੀ ਨਿਯਮਾਂਵਲੀ ਵਿਚ ਹੋਈਆਂ ਤਬਦੀਲੀਆਂ, ਰੈਫਰੀਸ਼ਿਪ ਦੀ ਤਕਨੀਕੀ ਮੁਹਾਰਤ, ਟੂਰਨਾਮੈਂਟ ਦੇ ਆਯੋਜਨ ਲਈ ਵੱਖ-ਵੱਖ ਪ੍ਰਬੰਧਾਂ ਤੋਂ ਇਲਾਵਾ ਖੇਡ ਪ੍ਰਣਾਲੀ ਵਿਚ ਕੀਤੇ ਜਾ ਰਹੇ ਕੰਪੀਊਟਰੀਕਰਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਜਿਲਾ ਗੱਤਕਾ ਐਸੋਸੀਏਸ਼ਨ ਪਟਿਆਲਾ ਦੇ ਚੇਅਰਮੈਨ ਜੱਸਾ ਸਿੰਘ ਸੰਧੂ ਅਤੇ ਪ੍ਰਧਾਨ ਅਵਤਾਰ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ ਸ਼ਖਸ਼ੀਅਤਾਂ ਅਤੇ ਖਿਡਾਰੀਆਂ ਦਾ ਤਹਿ-ਦਿਲੋਂ ਸਵਾਗਤ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਰਾਜ ਕੁਮਾਰ ਸ਼ਰਮਾ, ਸਪੋਰਟਸ ਸਾਇੰਸ ਵਿਭਾਗ ਦੇ ਮੁਖੀ ਡਾ.ਪਰਮਵੀਰ ਸਿੰਘ, ਡਾ. ਪ੍ਰਭਲੀਨ ਸਿੰਘ, ਗਤਕਾ ਫੈਡਰੇਸ਼ਨ ਦੇ ਜਾਇੰਟ ਸਕੱਤਰ ਡਾ. ਦੀਪ ਸਿੰਘ, ਗਗਨਦੀਪ ਸਿੰਘ ਆਹੁਜਾ, ਜਸਵੰਤ ਸਿੰਘ ਛਾਪਾ, ਡਾ. ਮਦਨ ਲਾਲ ਹਸੀਜਾ ਵੀ ਹਾਜਰ ਸਨ।
ਫੋਟੋ ਕੈਪਸ਼ਨ-
ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ. ਸਿੰਘ ਓਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ।
Source: GatkaFedration