ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿਚਲਾ ਗੁਰਦੁਆਰਾ ਰੋੜੀ ਸਾਹਿਬ ਉਹ ਮੁਕਦਸ ਅਸਥਾਨ ਹੈ, ਜਿਥੇ ਸਤਿਗੁਰੂ ਨਾਨਕ ਸਾਹਿਬ ਨੇ ਤਿੰਨ ਵਾਰ ਚਰਨ ਪਾਏ। ਇਹ ਢਾਈ ਮੰਜ਼ਿਲਾ ਵਿਸ਼ਾਲ ਤੇ ਖੂਬਸੂਰਤ ਗੁਰਦੁਆਰਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਤੋਂ ਸਰਹੱਦ ਪਾਰ ਡੇਢ ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਹੈ। ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਗੁਰਦੁਆਰਾ ਰੋੜੀ ਸਾਹਿਬ ਦੇ ਸੰਬੰਧ ਵਿਚ ਲਿਖਦੇ ਹਨ-‘ਥਾਣਾ ਬਰਕੀ ਦੇ ਪਿੰਡ ਜਾਹਮਣ ਵਿਚ ਪਿੰਡ ਦੇ ਬਾਹਰਵਾਰ ਪੂਰਬ ਵੱਲ ਦੋ ਫਰਲਾਂਗ ਦੇ ਕਰੀਬ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਗੁਰਦੁਆਰਾ ਰੋੜੀ ਸਾਹਿਬ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਵਾਰ ਚਰਨ ਪਾਏ। ਇਸ ਦੇ ਕੋਲ ਹੀ ਇਕ ਛੱਪੜੀ ਸੀ, ਜਿਸ ਨੂੰ ਸੰਗਤਾਂ ਨੇ ਸਰੋਵਰ ਵਿਚ ਤਬਦੀਲ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸੇਵਕ ਸਿੱਖ ਇਸ ਪਿੰਡ ਵਿਚ ਰਹਿੰਦਾ ਸੀ, ਜਿਸ ਦੀ ਕਿਰਪਾ ਨਾਲ ਕਈ ਭਾਬੜੇ ਸੁਮਾਰਗ ਹੋਏ। ਇਸ ਅਸਥਾਨ ਦੀ ਸੇਵਾ ਭਾਈ ਵਧਾਵਾ ਸਿੰਘ ਨੇ ਅਰੰਭੀ ਸੀ ਅਤੇ ਉਨ੍ਹਾਂ ਇਸ ਇਮਾਰਤ ਨੂੰ ਬਹੁਤ ਖ਼ੂਬਸੂਰਤ ਬਣਾਇਆ। ਗੁਰਦੁਆਰੇ ਦੇ ਨਾਂਅ 100 ਵਿਘੇ ਜ਼ਮੀਨ ਹੈ। ਵੈਸਾਖੀ ਅਤੇ 20 ਜੇਠ ਨੂੰ ਇਥੇ ਮੇਲਾ ਲਗਦਾ ਹੈ।’
‘ਗੁਰਧਾਮ ਦੀਦਾਰ’ ਸਫ਼ਾ 152 ਦੇ ਅਨੁਸਾਰ, ਪਿੰਡ ਜਾਹਮਣ ਤੋਂ ਪੂਰਬ ਦੇ ਪਾਸੇ ਦਸ ਫਰਲਾਂਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਥੋਂ ਨੇੜੇ ਹੀ ਚਾਹਲ ਪਿੰਡ ਗੁਰੂ ਜੀ ਦੇ ਨਾਨਕੇ ਸਨ, ਆਉਂਦੇ-ਜਾਂਦੇ ਗੁਰੂ ਜੀ ਨੇ ਤਿੰਨ ਵਾਰ ਚਰਨ ਪਾਏ। ਗੁਰਦੁਆਰਾ ਬਹੁਤ ਸੁੰਦਰ, ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ। ਪਾਸ ਰਿਹਾਇਸ਼ੀ ਮਕਾਨ ਹਨ। ਗੁਰੂ ਜੀ ਪਹਿਲੀ ਵਾਰ ਆਏ ਅਤੇ ਪਹਿਲਾਂ ਜਿਥੇ ਠਹਿਰੇ, ਉਹ ਥਾਂ ਪਿੰਡ ਤੋਂ ਨੇਰਤ ਕੋਣ ਦੇ ਪਾਸੇ ਇਕ ਮੀਲ ਰੋੜੀ ਸਾਹਿਬ ਨਾਮੇ ਹੈ। ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਬਹੁਤ ਚੰਗਾ ਹੈ। ਪੁਜਾਰੀ ਚੰਦਾ ਸਿੰਘ ਬਹੁਤ ਭਲਾ ਲੋਕ ਸਾਧੂ ਸੁਭਾਅ ਵਾਲਾ ਹੈ। ਇਥੋਂ ਦੇ ਨਗਰਵਾਸੀ ਵੀ ਗੁਰਦੁਆਰੇ ਨਾਲ ਪ੍ਰੇਮ ਕਰਨ ਵਾਲੇ ਹਨ। ਕਿਹਾ ਜਾਂਦਾ ਹੈ ਕਿ ਇਥੋਂ ਦੇ ਭਾਈ ਨਰੀਆ ਭਗਤ ਨੇ ਗੁਰੂ ਜੀ ਨੂੰ ਨਾਲ ਭਾਜਾ ਛਕਾਇਆ ਸੀ, ਜੋ ਕੜਾਹ ਪ੍ਰਸ਼ਾਦ ਬਣ ਗਿਆ ਸੀ। 20 ਜੇਠ, ਵੈਸਾਖੀ, ਮਾਘੀ ਤੇ ਸਰਾਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ।
ਸੰਨ 1965 ਦੀ ਹਿੰਦ-ਪਾਕਿ ਜੰਗ ਦੇ ਦੌਰਾਨ ਹੋਈ ਗੋਲਾਬਾਰੀ ਵਿਚ ਗੁਰਦੁਆਰੇ ਦੀ ਢਹਿ ਗਈ ਇਮਾਰਤ ਦਾ ਮਲਬਾ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ-ਬਾਹਰ ਖਿਲਰਿਆ ਹੋਇਆ ਹੈ।
Source: SikhChannel.Com