ਅਟਾਰੀ: ਤਖ਼ਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਹਿਬ (ਨਾਂਦੇੜ) ਮਹਾਂਰਾਸ਼ਟਰ ਵਿਖੇ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 305 ਵੇਂ ਗੁਰਤਾ ਗੱਦੀ ਸਮਾਗਮ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਗਏ, ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀਆਂ ਲਗਾਈਆਂ |
ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਸਵੇਰੇ 8 ਵਜ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਸੁਚੱਜੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਝ ਵਿਚ ਸ਼ੁਰੂ ਹੋਇਆ |
ਗੱਤਕਾ ਪਾਰਟੀਆਂ, ਗੁਰੂ ਸਾਹਿਬ ਅਤੇ ਪੰਜ ਪਿਆਰਿਆਂ ਦੇ ਘੋੜੇ, ਨਿਸ਼ਾਨਾਂ ਅਤੇ ਨਗਾਰੇ ਜਿਥੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ, ਉਥੇ ਦੇਸ਼ ਵਿਦੇਸ਼ ਦੇ ਪਹੁੰਚੀ ਸ਼ਰਧਾਲੂ ਸੰਗਤ ਨੇ ਵੀ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ |
ਸ੍ਰੀ ਹਜੂਰ ਸਾਹਿਬ ਖਾਲਸਾਈ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ | ਗੁਰਦੁਆਰਾ ਲੰਗਰ ਸਾਹਿਬ ਅਤੇ ਦੱਖਣ ਦੀਆਂ ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾ ਕੀਤੀ | ਤਖ਼ਤ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਣ ਉਪਰੰਤ ਤਖ਼ਤ ਸੱਚਖੰਡ ਸਾਹਿਬ ਵਿਖੇ ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਸੱਭ ਤੋਂ ਪਹਿਲਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੇ ਨਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਉਪਰੰਤ ਵੱਡੀ ਪੱਧਰ ‘ਤੇ ਹਾਜ਼ਰ ਸੰਗਤ ਨੇ ਸ਼ਸਤਰਾਂ ਦੀ ਛਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖ਼ਤ ਸਾਹਿਬ ਅੰਦਰ ਲਿਜਾਇਆ ਗਿਆ |
ਉਪਰੰਤ ਗੁਰਬਾਣੀ ਦੇ ਕੀਰਤਨ ਹੋਏ, ਅਰਦਾਸ ਉਪਰੰਤ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਪੁਰਾਤਨ ਹੱਥ ਲਿਖਤ ਸਰੂਪ (ਬਾਬਾ ਦੀਪ ਸਿੰਘ ਜੀ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਦੀ ਰਸਮ ਅਦਾ ਕੀਤੀ |
ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਤੌਰ ‘ਤੇ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ, ਚਰਨਜੀਤ ਸਿੰਘ ਚਿਰਾਗੀਆ ਸੁਪਰਡੈਂਟ ਬੋਰਡ ਤੱਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ, ਸ: ਰੁਪਿੰਦਰ ਸਿੰਘ ਸ਼ਾਮਪੁਰਾ (ਪ੍ਰਧਾਨ) ਭਾਈ ਘਨਈਆ ਵੈੱਲਫੇਅਰ ਸੁਸਾਇਟੀ, ਸ: ਸਰਬਜੀਤ ਸਿੰਘ ਭੋਗਲ, ਸਰਬਜੀਤ ਸਿੰਘ ਕਲਸੀ, ਸ: ਮੁਖਤਿਆਰ ਸਿੰਘ ਦਿੱਲੀ, ਸ: ਰਜਿੰਦਰ ਸਿੰਘ ਪੁਜਾਰੀ, ਸ: ਥਾਨ ਸਿੰਘ ਬੁੰਗਈ, ਸ: ਰਛਪਾਲ ਸਿੰਘ, ਸ: ਰਾਣਾ ਰਣਬੀਰ ਸਿੰਘ, ਭਾਈ ਦਾਰਾ ਸਿੰਘ ਅਤੇ ਹੋਰ ਸੰਗਤਾਂ ਨੇ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ |
Sikh Sangat News Celebrating Sikh culture and sharing Sikh voices
