ਅੰਮ੍ਰਿਤਸਰ, 23 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ, ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਅਤੇ ਸਕੂਲ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਕਾਲਜ ਕਮੇਟੀ, ਧਾਰਮਿਕ ਸਾਹਿਤ ਪ੍ਰਕਾਸ਼ਕ, ਗੁਰਮਤਿ ਵਿਚਾਰ ਧਾਰਾ ਅਨੁਸਾਰ ਮਾਤਾ ਸ਼ਬਦ ਕੇਵਲ ਗੁਰੂ ਮਤਾਵਾਂ, ਗੁਰੂ ਮਹਿਲਾ ਅਤੇ ਉਮਰ ਤੋਂ ਵੱਡਿਆ ਵਾਸਤੇ ਵਰਤਣ ਤੋਂ ਇਲਾਵਾ ਹੋਰ ਧਾਰਮਿਕ ਪੰਥਕ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।
ਅੱਜ ਦੀ ਮੀਟਿੰਗ ਵਿਚ ਗੁਰੂ ਘਰ ਦੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੂੰ ‘ਪੰਥਕ ਸ਼੍ਰੋਮਣੀ ਰਾਗੀ’ ਅਤੇ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਨੂੰ ‘ਭਾਈ ਸਾਹਿਬ’ ਦੀ ਉਪਾਧੀ ਨਾਲ ਨਿਵਾਜਣ ਦਾ ਫੈਸਲਾ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਗਿ: ਪ੍ਰਤਾਪ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਮੱਲ ਸਿੰਘ ਹਾਜ਼ਰ ਸਨ।
ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮਤਿ ਵਿਚਾਰ ਧਾਰਾ ਅਨੁਸਾਰ ਮਾਤਾ ਸ਼ਬਦ ਕੇਵਲ ਗੁਰੂ ਮਾਤਾਵਾਂ ਤੇ ਆਪਣੇ ਤੋਂ ਵੱਡਿਆਂ ਵਾਸਤੇ ਵਰਤਿਆ ਜਾਂਦਾ ਹੈ ਪਰ ਹੁਣ ਜਾਣੇ ਅਣਜਾਣੇ ਵਿਚ ਬੀਬੀ ਕੌਲਾਂ ਜੀ ਦੇ ਨਾਂਅ ਨਾਲ ਮਾਤਾ ਸ਼ਬਦ ਵਰਤਣ ਨਾਲ ਸਿੱਖ ਸੰਗਤਾਂ ਵਿਚ ਦੁਬਿਧਾ ਪੈਦਾ ਹੋਣ ਕਾਰਨ ਸਬੰਧਿਤ ਸੰਸਥਾਵਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਬਣੀਆਂ ਸਭਾ ਸੁਸਾਇਟੀਆਂ, ਸੰਸਥਾਵਾਂ ਦੇ ਨਾਂਅ ਨਾਲ ਮਾਤਾ ਸ਼ਬਦ ਤੁਰੰਤ ਹਟਾ ਕੇ ਬੀਬੀ ਕੌਲਾਂ ਲਿਖਿਆ ਜਾਵੇ।
ਸਿੰਘ ਸਾਹਿਬ ਕਿਹਾ ਕਿ ਸਿੱਖ ਧਰਮ ਨਾਲ ਸਬੰਧਿਤ ਸਾਹਿਤ ਪ੍ਰਕਾਸ਼ਿਤ ਕਰਨ ਵਾਲੇ ਸਮੂਹ ਅਦਾਰਿਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਗੁਰਮਤਿ ਸਾਹਿਤ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਧਾਰਮਿਕ ਸਾਹਿਤ ਭੇਜਣ ਸਮੇਂ ਬਣਾਏ ਜਾਣ ਵਾਲੇ ਪੈਕੇਟਾਂ ਦਾ ਭਾਰ 20-25 ਕਿੱਲੋਂ ਤੋਂ ਵਧੇਰੇ ਨਾ ਹੋਵੇ। ਉਨ੍ਹਾਂ ਉਪਰ ਕਾਗਜ਼, ਕੱਪੜੇ, ਪਲਾਸਟਿਕ ਵਿਚ ਚੰਗੀ ਤਰ੍ਹਾਂ ਲਪੇਟ ਕੇ ਲੱਕੜ, ਗੱਤੇ ਜਾਂ ਪਲਾਸਟਿਕ ਆਦਿ ਦੇ ਮਜ਼ਬੂਤ ਡੱਬਿਆਂ ਵਿਚ ਰੱਖਿਆ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ ਗਤਕਾ ਕੇਵਲ ਬਾਣੀ, ਬਾਣੇ ਦੇ ਧਾਰਣੀ ਗੁਰਸਿੱਖ ਹੀ ਖੇਡ ਸਕਦੇ ਹਨ। ਸਿੰਘ ਸਾਹਿਬ ਆਦੇਸ਼ ਦਿੱਤਾ ਕਿ ਜਿਨ੍ਹਾਂ ਘਰਾਂ ਵਿਚ ਸ਼ਰਾਬ ਦੇ ਬਾਰ ਬਣੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਰੱਖੇ ਹਨ ਉਹ ਪਾਵਨ ਸਰੂਪ ਸਤਿਕਾਰ ਨਾਲ ਗੁਰਦੁਆਰਾ ਸਾਹਿਬ ‘ਚ ਛੱਡ ਆਉਣ ਨਹੀਂ ਪੰਥਕ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪਾਠ ਕਰਨ ਲਈ ਘਰਾਂ ਵਿਚ ਪੋਥੀਆਂ ਗੁਟਕੇ ਰੱਖ ਸਕਦੇ ਹਨ।