ਪਾਕਿਸਤਾਨ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਗੰਭੀਰ

ਮਾਛੀਵਾੜਾ:  ‘ਪਾਕਿਸਤਾਨ ਸਰਕਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਗੰਭੀਰ ਹੈ ਤਾਂ ਜੋ ਚੜ੍ਹਦੇ ਪੰਜਾਬ ਦੇ ਲੋਕ ਆਪਣੇ ਗੁਰੂਆਂ ਦੀ ਧਰਤੀ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਤੇ ਪੰਜਾਬ ਸਰਕਾਰ ਵੀ ਗੰਭੀਰਤਾ ਨਾਲ ਕਦਮ ਉਠਾਵੇ ਤਾਂ ਇਹ ਸੰਭਵ ਹੋ ਸਕੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਪੰਜਾਬ ਦੇ ਨੂਰਾਵਾਲ ਜ਼ਿਲ੍ਹੇ ਤੋਂ ਐਮ.ਪੀ. ਰਮੇਸ਼ ਸਿੰਘ ਅਰੋੜਾ ਨੇ ਕੀਤਾ, ਜੋ ਕਿ ਹਲਕਾ ਕੂੰਮ ਕਲਾਂ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ।

ਸ੍ਰੀ ਅਰੋੜਾ ਨੇ ਕਿਹਾ ਕਿ ਸਿੱਖੀ ਦਾ ਮੁੱਢ ਪਾਕਿਸਤਾਨ ਦਾ ਲਹਿੰਦਾ ਪੰਜਾਬ ਹੈ ਤੇ ਜੇਕਰ ਦੋਵੇਂ ਹੀ ਦੇਸ਼ਾਂ ਦੇ ਸਿੱਖ ਸੌਖੀ ਵੀਜ਼ਾ ਪ੍ਰਣਾਲੀ ਰਾਹੀਂ ਆ ਸਕਣਗੇ ਤਾਂ ਇਸ ਨਾਲ ਜਿੱਥੇ ਭਾਈਚਾਰਕ ਸਾਂਝ ਵਧੇਗੀ, ਉਥੇ ਵਪਾਰ ਅਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸ੍ਰੀ ਅਟਵਾਲ ਦੇ ਯਤਨਾਂ ਸਦਕਾ ਚੜ੍ਹਦੇ ਪੰਜਾਬ ਵਿੱਚ ਹੋ ਰਹੇ ਐਨਆਰਆਈ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਕੂੜਾ ਕਰਕਟ ਤੋਂ ਬਿਜਲੀ ਉਤਪਾਦਨ ਕਰਨ ਦੀ ਤਕਨੀਕ ਅਪਣਾਈ ਗਈ ਹੈ। ਉਸ ਨੂੰ ਅਪਣਾ ਕੇ ਉਹ ਪਾਕਿਸਤਾਨ ਵਿੱਚ ਵੀ ਬਿਜਲੀ ਦੀ ਭਾਰੀ ਕਿੱਲਤ ਨੂੰ ਦੂਰ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਖੇਤੀਬਾੜੀ ਲਈ ਲੱਗ ਰਹੀਆਂ ਨਵੀਆਂ ਤਕਨੀਕਾਂ ਅਤੇ ਸਨਅਤਾਂ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਪੰਜਾਬ ਦੇ ਨਿਵੇਸ਼ਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਕਿਸਤਾਨ ਆ ਕੇ ਖੇਤੀ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਨਿਵੇਸ਼ ਕਰਨ ਤੇ ਉਥੋਂ ਦੀ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਦੱਸਿਆ ਕਿ 21 ਤੋਂ 23 ਫਰਵਰੀ ਤੱਕ ਲਾਹੌਰ ’ਚ ਯੂਥ ਫੈਸਟੀਵਲ ਹੋ ਰਿਹਾ ਹੈ ਤੇ ਮੀਆਂ ਨਵਾਜ ਸ਼ਰੀਫ ਵੱਲੋਂ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਹੈ ਤਾਂ ਜੋ ਲਹਿੰਦਾ ਤੇ ਚੜ੍ਹਦਾ ਪੰਜਾਬ ਦੋਵੇਂ ਇੱਕਜੁੱਟ ਹੋ, ਜਿਸ ਨਾਲ ਜਿੱਥੇ ਦੋਵਾਂ ਦੇਸ਼ਾਂ ਵਿੱਚ ਤਣਾਅ ਘਟੇਗਾ, ਉਥੇ ਭਾਈਚਾਰਕ ਸਾਂਝ ਵੀ ਵਧੇਗੀ।

ਪਾਕਿਸਤਾਨ ਆਗੂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੀਟਿੰਗ ਕੀਤੀ ਗਈ ਹੈ ਕਿ ਉਹ ਪਾਕਿਸਤਾਨ ਆਉਣ ਤੇ ਉਥੋਂ ਦੇ ਗੁਰਦਆਰਾ ਸਾਹਿਬਾਨਾਂ ਦੇ ਸੁਧਾਰ ਲਈ ਆਪਣੀ ਸਲਾਹ ਦੇਣ ਤਾਂ ਜੋ ਉਨ੍ਹਾਂ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 2022 ਵਿੱਚ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵੱਲੋਂ 500 ਸਾਲਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਹਿਲੀ ਪਾਤਸ਼ਾਹੀ ਜੀ ਦੇ ਇਸ ਪਵਿੱਤਰ ਸਥਾਨ ਤੇ ਇੱਕ ਵਿਸ਼ਾਲ ਕਰਤਾਰਪੁਰ ਸਾਹਿਬ ਨਗਰ ਵਸਾਉਣ ਦੀ ਯੋਜਨਾ ਹੈ, ਜਿਸ ਲਈ ਦੁਨੀਆਂ ਵਿੱਚੋਂ ਦੋ ਮਿਲੀਅਨ ਸਿੱਖ ਪੁੱਜਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਉਥੋਂ ਦੀ ਸਰਕਾਰ ਸਿੱਖਾਂ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੀ ਹੈ ਤੇ ਕਦੇ ਵੀ ਭੇਦਭਾਵ ਨਹੀਂ ਕੀਤਾ ਜਾਂਦਾ, ਸਿੱਖਿਆ ਵਪਾਰ ਤੋਂ ਲੈ ਕੇ ਨੌਕਰੀ ਤੱਕ ਸਿੱਖਾਂ ਨੂੰ ਹਰ ਤਰ੍ਹਾਂ ਦੀ ਨੁਮਾਇੰਦਗੀ ਦਿੱਤੀ ਜਾਂਦੀ ਹੈ।

ਪਾਕਿਸਤਾਨ ਦੀ ਸਿੱਖ ਸੰਗਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ

ਪਾਕਿਸਤਾਨ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਉਥੋਂ ਦੀ ਸਿੱਖ ਸੰਗਤ ਲਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉਚ ਹੈ ਤੇ ਉਥੋਂ ਜਾਰੀ ਹੋਏ ਹਰ ਹੁਕਮਨਾਮੇ ਨੂੰ ਹੀ ਸੰਗਤ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ 99.9 ਫੀਸਦੀ ਸਿੱਖ ਸੰਗਤ ਸਿੱਖੀ ਸਰੂਪ ਵਿੱਚ ਹੈ। ਪਾਕਿਸਤਾਨ ਵਿੱਚ ਕਰੀਬ 15000 ਵਸੋਂ ਸਿੱਖ ਸੰਗਤ ਦੀ ਹੈ ਤੇ ਸਾਰੇ ਹੀ ਜਿੱਥੇ ਸਿੱਖੀ ਵਿੱਚ ਪ੍ਰਪੱਕ ਹਨ, ਉਥੇ ਕਦੇ ਵੀ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਵਸਦੇ 70 ਫੀਸਦੀ ਹਿੰਦੂ ਵੀ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਹਨ।

Source: SikhSanghrsh.Com

Leave a Reply

Your email address will not be published.

This site uses Akismet to reduce spam. Learn how your comment data is processed.