ਤਖਤ ਸ੍ਰੀ ਪਟਨਾ ਸਾਹਿਬ ਵਿਖੇ ਗੁਰ ਮਰਿਆਦਾ ਭੰਗ- ਜਥੇਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਕ੍ਰਿਪਾਨਾਂ ਚੱਲੀਆਂ

ਅੰਮ੍ਰਿਤਸਰ: ਤਖਤ ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ੩੪੮ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਚਲ ਰਹੇ ਗੁਰਮਤਿ ਸਮਾਗਮ ਦੀ ਮਰਿਆਦਾ ਉਸ ਵੇਲੇ ਭੰਗ ਹੋ ਗਈ ਜਦ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਪੁਤਰ ਦੀ ਅਗਵਾਈ ਵਿੱਚ ਆਏ ਕ੍ਰਿਪਾਨ ਧਾਰੀਆਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੇ ਉਸ ਫੈਸਲੇ ਨੂੰ ਸਟੇਜ ਤੇ ਹੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਕਮੇਟੀ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਗਿਆਨੀ ਪ੍ਰਤਾਪ ਸਿੰਘ ਠੱਟਾ ਨੂੰ ਤਖਤ ਪਟਨਾ ਸਾਹਿਬ ਦਾ ਐਡੀਸ਼ਨਲ ਜਥੇਦਾਰ ਥਾਪਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ੩੪੮ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਚਲ ਰਿਹਾ ਸੀ । ਇਸ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਸੱਦੇ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ,ਮਹੰਤ ਕਰਮ ਸਿੰਘ ਜੀ ਯਮੁਨਾ ਨਗਰ ,ਬਾਬਾ ਜੋਗਾ ਸਿੰਘ ਕਰਨਾਲ,ਬਾਬਾ ਘਾਲਾ ਸਿੰਘ ਨਾਨਕਸਰ ,ਸੰਤ ਕਸ਼ਮੀਰ ਸਿੰਘ ਭੂਰੀ ਵਾਲੇ,ਬਾਬਾ ਅਵਤਾਰ ਸਿੰਘ ,ਦਲ ਬਾਬਾ ਬਿਧੀ ਚੰਦ ਛੀਨਾ ,ਬਾਬਾ ਸੁਲੱਖਣ ਸਿੰਘ ਪੰਜਵੜ,ਬਾਬਾ ਸ਼ਮਸ਼ੇਰ ਸਿੰਘ ਜਗੇੜਾ,ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਵੀ ਪੁਜੇ ਹੋਏ ਸਨ ਤੇ ਇਸ ਗੁਰਮਤਿ ਸਟੇਜ ਤੇ ਸ਼ਸ਼ੋਭਿਤ ਸਨ ।ਇਨ੍ਹਾਂ ਸੰਤਾਂ ਮਹਾਂਪਰਸ਼ਾ ਤੋਂ ਇਲਾਵਾ ਸਟੇਜ ਤੇ ਹੀ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਦਕੀ ਕਮੇਟੀ ਦੇ ਮੈਂਬਰ ਸਾਹਿਬਾਨ ਬੈਠੇ ਹੋਏ ਸਨ ।ਦੂਰਦਰਸ਼ਨ ਕੇਂਦਰ ਪਟਨਾ ਵਲੋਂ ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ । ਜਾਣਕਾਰੀ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਆਪਣੇ ਸਪੁਤਰ ਗੁਰਪ੍ਰਸਾਦਿ ਸਿੰਘ ਦੀ ਅਗਵਾਈ ਹੇਠ ਕ੍ਰਿਪਾਨਾਂ ਨਾਲ ਲੈਸ ਕੁਝ ਲੋਕਾਂ ਸਮੇਤ ਸਟੇਜ ਤੇ ਪੁਜੇ ਤੇ ਆਉਂਦੇ ਹੀ ਸਟੇਜ ਤੇ ਕਬਜਾ ਬਣਾਏ ਰੱਖਣ ਦੀ ਨੀਅਤ ਨਾਲ ਸਮਾਗਮ ਵਿਚ ਖਲਲ ਪਾਣ ਦੀ ਕੋਸ਼ਿਸ਼ ਕੀਤੀ ।ਪ੍ਰਬੰਧਕਾਂ ਵਲੋਂ ਮੌਕਾ ਸੰਭਾਲਣ ਤੇ ਸੰਗਤਾਂ ਨੇ ਰੋਹ ਵਿੱਚ ਆਕੇ ਗਿਆਨੀ ਇਕਬਾਲ ਸਿੰਘ ਸਮੇਤ ਸਾਥੀਆਂ ਨੂੰ ਰੋਕਿਆ ।ਇਸ ਖਿਚੋਤਾਣ ਵਿਚੱ ਕ੍ਰਿਪਾਨਾਂ ਵੀ ਚੱਲੀਆਂ ਜਿਸਦੇ ਫਲਸਰੂਪ ਗਿਆਨੀ ਇਕਬਾਲ ਸਿੰਘ ਦੀ ਦਸਤਾਰ ਉਤਰਣ ਤੇ ਸਿਰ ਵਿੱਚ ਸੱਟ ਲਗਣ ਦੀ ਖਬਰ ਹੈ ।ਘਟਨਾ ਦੇ ਚਲਦਿਆਂ ਦੂਰਦਰਸ਼ਨ ਨੂੰ ਕੁਝ ਸਮੇਂ ਲਈ ਸਿੱਧਾ ਪ੍ਰਸਾਰਣ ਵੀ ਰੋਕਣਾ ਪਿਆ ।ਇਸ ਮੰਦ ਭਾਗੀ ਘਟਨਾ ਲਈ ਗਿਆਨੀ ਇਕਬਾਲ ਸਿੰਘ ਨੂੰ ਸਿੱਧਾ ਦੋਸ਼ੀ ਕਰਾਰ ਦਿੰਦਿਆਂ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਮੌਕੇ ਤੇ ਹੀ ਹਾਜਰ ਸੰਤਾਂ ਮਹਾਂਪੁਰਸ਼ਾਂ ਦੀ ਸਹਿਮਤੀ ਨਾਲ ਗਿਆਨੀ ਪ੍ਰਤਾਪ ਸਿੰਘ ਠੱਟਾ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਐਡੀਸ਼ਨਲ ਜਥੇਦਾਰ ਐਲਾਨ ਦਿੱਤਾ ਜਿਸਦਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਵੀ ਕਰ ਦਿੱਤਾ ।ਸਮਾਗਮ ਦਾ ਮੁੜ ਸਿੱਧਾ ਪ੍ਰਸਾਰਣ ਸ਼ੁਰੂ ਹੋਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਜਿਥੇ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਉਥੇ ਹੀ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਪਰਤਾਪ ਸਿੰਘ ਠੱਟਾ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਆਪਣੇ ਪਹਿਲਾਂ ਲਏ ਇਕ ਫੈਸਲੇ ਤੇ ਅਮਲ ਕਰਦਿਆ ਅੱਜ ਸਵੇਰੇ ਹੀ ਗਿਆਨੀ ਪ੍ਰਤਾਪ ਠੱਟਾ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਐਡੀਸ਼ਨਲ ਜਥੇਦਾਰ ਵਜੋਂ ਸਿਰੋਪਾਉ ਬਖਸ਼ਿਸ਼ ਕਰ ਦਿੱਤਾ ਸੀ । ਇਸ ਉਪਰੰਤ ਗਿਆਨੀ ਪਰਤਾਪ ਸਿੰਘ ਸੰਗਤੀ ਰੂਪ ਵਿਚ ਗੁਰਮਤਿ ਸਮਾਗਮ ਸਟੇਜ ਤੇ ਆ ਬੈਠੇ ਸਨ । ਗਿਆਨੀ ਇਕਬਾਲ ਸਿੰਘ ਹੁਰਾਂ ਸਟੇਜ ਤੇ ਪੁਜਦਿਆਂ ਹੀ ਗਿਆਨੀ ਪਰਤਾਪ ਸਿੰਘ ਦੀ ਨਿਯੁਕਤੀ ਦਾ ਵਿਰੋਧ ਜਿਤਾਇਆ ਜਿਸਤੇ ਸੰਗਤ ਨੇ ਵੀ ਪ੍ਰਬੰਧਕਾਂ ਦਾ ਸਾਥ ਦਿੱਤਾ ।

ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਅੰਮ੍ਰਿਤਸਰ ਤੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਸਮਾਗਮ ਵਿਚ ਸ਼ਮੂਲੀਅਤ ਕਰਨ ਹਿੱਤ ਘਰੋਂ ਚਲਕੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁਜੇ ਲੇਕਿਨ ਪਟਨਾ ਸਾਹਿਬ ਦੀ ਘਟਨਾ ਦਾ ਪਤਾ ਲੱਗਣ ਤੇ ਵਾਪਿਸ ਘਰ ਆ ਗਏ ।

Source: WWW.PunjabSpectrum

Leave a Reply

Your email address will not be published.

This site uses Akismet to reduce spam. Learn how your comment data is processed.