ਕਾਂਗਰਸ ਸਰਕਾਰ ਸਿੱਖਾਂ ਨੂੰ ਵੱਖਰੀ ਕੌਮ ਐਲਾਨੇ : ਸਰਨਾ

ਨਵੀਂ ਦਿੱਲੀ : ਪੰਜਾਬੀ ਇੰਡਸਟਰੀਅਲ ਸੁਸਾਇਟੀ ਨੇ ਦਿੱਲੀ ਦੇ ਲੀ-ਮੇਰੀਡੀਅਨ ਹੋਟਲ ’ਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਦਾ ਸਵਾਗਤ ਕੀਤਾ । ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੈਂਬਰਾਂ ਅਤੇ ਕਾਰਕੁਨਾਂ ਨੇ ਹਿੱਸਾ ਲਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਸੁਸਾਇਟੀ ਦੇ ਸਰਪ੍ਰਸਤ ਪਰਮਜੀਤ ਸਿੰਘ ਸਰਨਾ ਅਤੇ ਪ੍ਰਧਾਨ ਜਗਜੀਤ ਸਿੰਘ ਸੂਰੀ ਨੇ ਅਰਵਿੰਦਰ ਸਿੰਘ ਲਵਲੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ, ਮੀਤ ਪ੍ਰਧਾਨ ਅੰਮ੍ਰਿਤ ਸਿੰਘ ਥਾਪਰ, ਦਿੱਲੀ ਸਰਕਾਰ ਦੇ ਸਾਬਕਾ ਉਦਯੋਗ ਮੰਤਰੀ ਹਰਸ਼ਰਨ ਸਿੰਘ ਬੱਲੀ ਅਤੇ ਅਕਾਲੀ ਦਲ ਦਿੱਲੀ ਦੇ ਅਹੁਦੇਦਾਰ ਵੀ ਹਾਜ਼ਰ ਸਨ।

ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕੀ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਪੰਜਾਬ ਤੋਂ ਬਾਹਰ ਕਿਸੇ ਸੂਬੇ ਵਿੱਚ ਪਾਰਟੀ ਦੀ ਨੁਮਾਇੰਦਗੀ ਲਈ ਕਿਸੇ ਸਿੱਖ ਨੂੰ ਚੁਣਿਆ ਹੋਵੇ। ਉਨ੍ਹਾਂ ਇਸ ਕਦਮ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਅਸਲ ਹਮਦਰਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜਨ, ਜਿਨ੍ਹਾਂ ਨੇ ਦੋ ਵਾਰ ਇੱਕ ਸਿੱਖ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਥਾਪਿਆ, ਦੇਸ਼ ਦਾ ਸੈਨਾ ਮੁਖੀ ਅਤੇ ਦਿੱਲੀ ਕਾਂਗਰਸ ਦਾ ਪ੍ਰਧਾਨ ਵੀ ਸਿੱਖ ਨੂੰ ਬਣਾਇਆ। ਉਨ੍ਹਾਂ ਸਮੀ ਲਵਲੀ ਕੋਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਨੂੰ ਸੰਵਿਧਾਨਕ ਤੌਰ ’ਤੇ ਵੱਖਰੀ ਕੌਮ ਐਲਾਨੇ ਜਾਣ ਦੀ ਮੰਗ ਕੀਤੀ।

ਸ੍ਰੀ ਲਵਲੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀਆਂ ਦੇ ਨਾਮ 84 ਕਤਲੇਆਮ ਨਾਲ ਜੁੜੇ ਹੋ ਸਕਦੇ ਹਨ ਤੇ ਭਾਜਪਾ ਅਤੇ ਆਰ.ਐਸ.ਐਸ. ਦੇ 49 ਵਿਅਕਤੀਆਂ ਦੇ ਨਾਮ ਵੀ ਐਫ.ਆਈ.ਆਰਾਂ. ਵਿੱਚ ਦਰਜ ਹਨ। ਪਰ ਭਾਜਪਾ ਦੇ ਕਿਸੇ ਵੀ ਮੰਤਰੀ ਜਾਂ ਮੈਂਬਰ ਨੇ ਅੱਜ ਤੱਕ ਨਾ ਤਾਂ ਸਿੱਖਾਂ ਤੋਂ ਮਾਫ਼ੀ ਮੰਗੀ ਹੈ ਅਤੇ ਨਾ ਹੀ ਬਾਦਲ ਦਲ ਵੱਲੋਂ ਉਨ੍ਹਾਂ ਵਿਰੁੱਧ ਕਿਸੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਆਰ.ਐਸ.ਐਸ. ਅਤੇ ਭਾਜਪਾ ਦੇ ਝਾਂਸੇ ਵਿੱਚ ਨਹੀਂ ਆਉਣਗੇ।

Source: Sikhsangharsh.com

Leave a Reply

Your email address will not be published.

This site uses Akismet to reduce spam. Learn how your comment data is processed.