ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ।
ਅਕਾਲੀ ਫੂਲਾ ਸਿੰਘ ਦਾ ਜਨਮ 1760 ਈ. ਵਿਚ ਪਿਤਾ ਸ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ, ਜ਼ਿਲਾ ਸੰਗਰੂਰ ‘ਚ ਹੋਇਆ। ਆਪ 2 ਭਰਾ ਸਨ, ਸ. ਸੰਤ ਸਿੰਘ ਛੋਟਾ ਸੀ। ਬਚਪਨ ਤੋਂ ਕੁਝ ਸਮੇਂ (2 ਸਾਲ) ਬਾਅਦ ਹੀ ਜਦ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦ ਖੁਰਾ-ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵਧ-ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ।
ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ, ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁੰਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸਨੇਹੀ ਸ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿੱਦਿਆ, ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਵਿਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ 14 ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿਗਣ ਕਾਰਨ ਰੱਬ ਨੂੰ ਪਿਆਰੀ ਹੋ ਗਈ।
ਮਾਤਾ ਦੇ ਸਸਕਾਰ ਤੋਂ ਬਾਅਦ ਆਪ ਨੇ ਆਪਣਾ ਘਰ-ਬਾਰ ਛੱਡ ਕੇ ਅਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਸ਼ਹੀਦਾਂ ਦੀ ਮਿਸਲ ਵਿਚ ਦਾਖ਼ਲ ਹੋ ਕੇ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਆਨੰਦਪੁਰ ਸਾਹਿਬ ਵਿਚ ਧਰਮ ਖਾਤਿਰ ਕਈ ਲੜਾਈਆਂ ਲੜੀਆਂ। ਆਪ ਦਾ ਮਾਣ-ਸਨਮਾਨ ਤੇ ਰੁਤਬਾ ਸਾਰੇ ਜਥੇ ਵਿਚ ਬਹੁਤ ਵਧ ਗਿਆ ਸੀ। ਜਦ 1800 ਈ. ਵਿਚ ਬਾਬਾ ਨਰੈਣ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰੇ ਦੀ ਸੇਵਾ-ਸੰਭਾਲ ਲਈ ਆਪ ਅੰਮ੍ਰਿਤਸਰ ਸਾਹਿਬ ਆ ਗਏ। ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿਚ ਮਿਲਾਉਣ ਖਾਤਿਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਾਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ‘ਤੇ ਮਹਾਰਾਜਾ ਸਾਹਿਬ ਦਾ ਕਬਜ਼ਾ ਹੋ ਗਿਆ। ਮਹਾਰਾਜਾ ਸਾਹਿਬ ਨੇ ਦਰਬਾਰ ਸਾਹਿਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖ਼ਾਲਸਾਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰ੍ਹਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ। ਉਸ ਨੇ ਲੜਾਈ ਨੂੰ ਕਈ ਦਿਨਾਂ ਤਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ‘ਤੇ ਆਪਣਾ ਕਬਜ਼ਾ ਜਮਾ ਲਿਆ। ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ‘ਤੇ ਮਹਾਰਾਜੇ ਨੇ ਉਸ ਦਾ ਗੁਨਾਹ ਬਖਸ਼ ਦਿੱਤਾ। ਇਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ,ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖ਼ਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਓਢੀ ਅੱਗੇ ਜਾ ਖਲ੍ਹੋਤੇ ਤੇ ਮਹਾਰਾਜੇ ਨੂੰ ਅੰਦਰ ਨਹੀਂ ਜਾਣ ਦਿੱਤਾ। ਮਹਾਰਾਜਾ ਉਸੇ ਵਕਤ ਪਿਛਾਂਹ ਹੋ ਗਿਆ ਅਤੇ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਭੁੱਲ ਬਖਸ਼ਾਉਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਤ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ‘ਤੇ 21 ਕੋੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨ੍ਹਾਉਣ ਤੇ ਕੋੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੇ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਿਬ ਨੂੰ ਬਖਸ਼ ਦਿੱਤਾ ਜਾਏ। ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖ਼ਤ ਸਾਹਬ ਵਲੋਂ ਸਿਰੋਪਾਓ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ।
ਅੰਤ 14 ਮਾਰਚ 1823 ਨੂੰ ਆਪ ਨੌਸ਼ਹਿਰੇ ਦੀ ਆਖਰੀ ਲੜਾਈ ਵਿਚ ਜਿੱਤ ਦਾ ਪਰਚਮ ਲਹਿਰਾ ਕੇ ਸ਼ਹੀਦੀ ਜਾਮ ਪੀ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ੂ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ। ਅਕਾਲੀ ਫੂਲਾ ਸਿੰਘ ਇਕ ਨਿਰਭੈਅ ਤੇ ਨਿਧੜਕ ਯੋਧੇ ਸਨ।