ਸਿੱਖ ਕੌਮ ਦੀ ਅਰੰਭਤਾ ਤੋਂ ਹੀ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀਆਂ ਦੁਸ਼ਮਣ ਰਹੀਆਂ ਹਨ । ਉਹਨਾਂ ਨੇ ਅਜਿਹਾ ਕੋਈ ਮੌਕਾ ਅਜਾਂਈ ਨਹੀਂ ਜਾਣ ਦਿੱਤਾ ਜਿਸ ਵਿੱਚ ਉਹ ਸਿੱਖ ਕੌਮ ਨੂੰ ਨਾ ਨੁਕਸਾਨ ਪਹੁੰਚਾ ਸਕਣ ।1947 ਵਿੱਚ ਜਦੋਂ ਕੌਮ ਦੇ ਸਿਆਸੀ ਲੀਡਰਾਂ ਨੇ ਹਿੰਦੁਸਤਾਨ ਵਿੱਚ ਰਹਿਣ ਦਾ ਅਭਾਗਾ ਫੈਸਲਾ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸੀ ਤੌਰ ਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ । ਅੱਜ ਵੀ ਹਿੰਦੁਸਤਾਨ ਅੰਦਰ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਹੈ । ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ । ਸਿੱਖ ਕੌਮ ਲਈ ਹਿੰਦੁਸਤਾਨ ਦੀਆਂ ਅਦਾਲਤਾਂ ਵੀ ਪੱਖਪਾਤੀ ਹਨ । ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਤਾਂ ਇਹ ਅਦਾਲਤਾਂ ਬਰੀ ਕਰ ਦਿੰਦੀਆਂ ਹਨ ਪਰ ਆਪਣੇ ਹੱਕ ਦੀ ਗੱਲ ਕਰਨ ਵਾਲੇ ਸਿੱਖਾਂ ਦਾ ਮੂੰਹ ਬੰਦ ਕਰਨ ਲਈ ਉਹਨਾਂ ਨੂੰ ਲੰਮੇ ਸਮੇਂ ਲਈ ਜੇਹਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ । ਹਿੰਦੁਸਤਾਨੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਖਤਰਾ ਸਮਝ ਕੇ ਜੇਹਲਾਂ ਵਿੱਚ ਸੜਨ ਲਈ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਉਹ ਦੁਬਾਰਾ ਆਪਣੇ ਹੱਕ ਦੀ ਅਵਾਜ਼ ਨਾ ਉਠਾ ਸਕਣ । ਇਹ ਪੂਰੀ ਦੁਨੀਆਂ ਵਿੱਚ ਆਮ ਹੈ ਕਿ ਜਦੋਂ ਇੱਕ ਵਿਅਕਤੀ ਕਾਨੂੰਨ ਅਨੁਸਾਰ ਦਿੱਤੀ ਸਜ਼ਾ ਪੂਰੀ ਕਰ ਲੈਂਦਾ ਹੈ ਤਾਂ ਰਿਹਾਈ ਹੋਣਾ ਉਸ ਦਾ ਮਨੱਖੀ ਅਧਿਕਾਰ ਹੈ । ਪਰ ਆਪਣੇ ਆਪ ਨੂੰ ਦੁਨੀਆਂ ਦਾ ਵੱਡਾ ਲੋਕਤੰਤਰ ਅਖਵਾਉਣ ਵਾਲੀ ਹਿੰਦੁਸਤਾਨ ਸਰਕਾਰ ਕੈਦੀਆਂ ਨੂੰ ਰਿਹਾਅ ਨਾ ਕਰਕੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੀ ਹੈ । ਉਸ ਨੂੰ ਆਪਣੇ ਆਪ ਨੂੰ ਲੋਕਤੰਤਰ ਕਹਾਉਣ ਦਾ ਕੋਈ ਹੱਕ ਨਹੀਂ ਹੈ ।
ਅੱਜ ਸਾਨੂੰ ਹਿੰਦੁਸਤਾਨ ਵਿੱਚ ਸਿੱਖ ਕੌਮ ਉੱਤੇ ਹੋ ਰਹੇ ਜ਼ੁਲਮ ਅਤੇ ਸਿੱਖ ਹੱਕਾਂ ਦੀ ਅਵਾਜ਼ ਪੂਰੀ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਮਜ਼ਬੂਤ ਮੀਡੀਆ ਦੀ ਸਖਤ ਜ਼ਰੂਰਤ ਹੈ ਅਤੇ ਉਹਨਾਂ ਜਥੇਬੰਦੀਆਂ ਦਾ ਪੂਰਨ ਸਾਥ ਦੇਣ ਦੀ ਲੋੜ ਹੈ ਜੋ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਅਵਾਜ਼ ਬੁਲੰਦ ਕਰਦੀਆਂ ਹਨ ।
ਜਿਸ ਤਰਾਂ U.K. ਦੀ ਸੰਸਥਾ S.O.P.W ਭਾਈ ਬਲਬੀਰ ਸਿੰਘ ਬੈਂਸ ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਆਰਥਿਕ ਸਹਾਇਤਾ ਕਰਦੀ ਆ ਰਹੀ ਹੈ । S.O.P.W ਸੰਸਥਾ ਵੱਲੋਂ ਬੰਦੀ ਸਿੰਘਾਂ ਲਈ ਵਕੀਲ, ਜੇਲ੍ਹਾਂ ਵਿੱਚ ਮਨੀਆਰਡਰ ਰਾਹੀਂ ਆਰਥਿਕ ਸਹਾਇਤਾ, ਕੱਪੜੇ, ਜ਼ਰੂਰਤਮੰਦ ਪਰਿਵਾਰਾਂ ਦੇ ਇਲਾਜ, ਪਰਿਵਾਰਾਂ ਦੇ ਵਿਆਹ ਅਤੇ ਸਕੂਲੀ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕਰਦੀ ਹੈ । ਅਜਿਹੀਆਂ ਸੰਸਥਾਵਾਂ ਦਾ ਸਾਨੂੰ ਪੂਰਨ ਤੌਰ ਤੇ ਸਹਿਯੋਗ ਦੇਣਾ ਚਾਹੀਦਾ ਹੈ । ਮੈਂ ਇਸ ਸੰਸਥਾ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਹਾਂ ਕਿ ਹੁਣੇ ਰਿਹਾ ਹੋ ਕੇ ਆਏ ਚਾਰਾਂ ਸਿੰਘਾਂ ਦੀ ਇਸ ਸੰਸਥਾ ਨੇ ਵਿਸ਼ੇਸ਼ ਆਰਥਿਕ ਮਦਦ ਕੀਤੀ ਹੈ ।
ਸੋ ਆਪਣੇ ਹੱਕਾਂ ਦੀ ਗੱਲ ਅਤੇ ਸਿੱਖਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਜ਼ਾਲਮ ਸਰਕਾਰ ਨੂੰ ਹਮੇਸ਼ਾ ਚੁੱਭਦੀਆਂ ਹਨ ਤੇ ਚੁੱਭਦੀਆਂ ਰਹਿਣਗੀਆਂ ਪਰ ਕੌਮ ਦੀ ਚੜ੍ਹਦੀ ਕਲਾ ਲਈ ਇਹਨਾਂ ਦੀ ਮਜ਼ਬੂਤੀ ਬਹੁਤ ਜਰੂਰੀ ਹੈ ।
ਜਿਸ ਤਰਾਂ ਕੌਮ ਦੇ ਇਕੱਠ ਨੇ ਜ਼ਾਲਮ ਸਰਕਾਰ ਦੇ ਕੰਨ ਖੋਲਣ ਲਈ ਪਿਛਲੇ ਦਿਨਾਂ ਦੌਰਾਨ ਸੰਘਰਸ਼ ਕੀਤਾ ਹੈ ਅਤੇ ਜ਼ਾਲਮ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਮਜਬੂਰ ਕੀਤਾ ਹੈ ਇਸ ਤਰਾਂ ਜੇ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਦੇ ਰਹਾਂਗੇ ਤਾਂ ਅਸੀ ਆਪਣੇ ਜ਼ਾਲਮ ਸਰਕਾਰ ਦੀ ਗੁਲਾਮੀ ਤੋਂ ਅਜ਼ਾਦੀ ਦੇ ਨਿਸ਼ਾਨੇ (ਖਾਲਿਸਤਾਨ) ਨੂੰ ਵੀ ਪ੍ਰਾਪਤ ਕਰ ਲਵਾਂਗੇ । ਭਾਂਵੇਂ ਕੇ ਇਹ ਨਿਸ਼ਾਨਾ ਔਕੜਾਂ ਭਰਿਆ ਹੈ ਅਤੇ ਸਾਨੂੰ ਜ਼ਾਲਮ ਸਰਕਾਰ ਕੋਲ ਆਪਣੀ ਜ਼ਮੀਰ ਵੇਚ ਚੁੱਕੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਵੇਗਾ ਪਰ ਜੇਕਰ ਅਸੀਂ ਕੇਸਰੀ ਨਿਸ਼ਾਨ ਥੱਲੇ ਇਕਮੁੱਠ ਹੋ ਕੇ ਅਜ਼ਾਦੀ ਦੇ ਨਿਸ਼ਾਨੇ ਖਾਲਿਸਤਾਨ ਵੱਲ ਵਧਾਂਗੇ ਤਾਂ ਇਕ ਦਿਨ ਕੌਮ ਅਜ਼ਾਦੀ ਦਾ ਨਿੱਘ ਜ਼ਰੂਰ ਮਾਣੇਗੀ।
Source: SikhSangharsh.Com
Sikh Sangat News Celebrating Sikh culture and sharing Sikh voices
