ਅੰਮ੍ਰਿਤਸਰ: ਪੁਲਸ ਨੇ ਇਕ ਅੰਮ੍ਰਿਤਧਾਰੀ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਹੇਠ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਰਕੁੱਟ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ‘ਚੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸਿਵਲ ਲਾਈਨ ਥਾਣੇ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ‘ਚ ਪੀੜਤ ਜਸਮੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਹੋਈ, ਜਦੋਂ ਭੰਡਾਰੀ ਪੁਲ ‘ਤੇ ਇਕ ਫਿਰਕੇ ਦੇ ਕੁਝ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਸਨ। ਇਸ ਦੌਰਾਨ ਹਾਲ ਗੇਟ ਵਿਖੇ ਪੁਰਜ਼ਿਆਂ ਦੀ ਦੁਕਾਨ ਚਲਾਉਣ ਵਾਲਾ ਜਸਮੀਤ ਸਿੰਘ ਉਸ ਪਾਸਿਓਂ ਲੰਘਿਆ ਅਤੇ ਉਸ ਨੇ ਧਰਨਾ ਕਾਰੀਆਂ ਪਾਸੋਂ ਆਪਣੀ ਮੋਟਰਸਾਈਕਲ ਨੂੰ ਲੰਘਾਉਣ ਦੀ ਮੰਗ ਕੀਤੀ। ਜਸਮੀਤ ਦੀ ਇਸ ਮੰਗ ਨੂੰ ਬਾਅਦ ਧਰਨਾ ਕਾਰੀ ਭੜਕ ਗਏ ਅਤੇ ਜਸਮੀਤ ‘ਤੇ ਹਮਲਾ ਕਰ ਦਿੱਤਾ। ਜਸਮੀਤ ਦਾ ਦੋਸ਼ ਹੈ ਕਿ ਦੋਸ਼ੀ ਉਸ ਨੂੰ ਕੁੱਟਦੇ ਰਹੇ ਅਤੇ ਪੁਲਸ ਪੂਰੇ ਮਾਮਲੇ ਦਾ ਤਮਾਸ਼ਾ ਦੇਖਦੀ ਰਹੀ।
ਪੁਲਸ ਨੇ ਵੀਡੀਓ ‘ਚ ਸ਼ਾਮਲ ਚਿਹਰਿਆਂ ਦੇ ਆਧਾਰ ‘ਤੇ ਦਰਜਨ ਭਰ ਤੋਂ ਜ਼ਿਆਦਾ ਵਿਅਕਤੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।