ਲੰਗਰ ਦੀ ਪ੍ਰੰਪਰਾ ਸਿੱਖ ਪੰਥ ਦੀ ਉਹ ਮਹਾਨ ਪ੍ਰੰਪਰਾ ਹੈ, ਜਿਹੜੀ ਇਸ ਧਰਮ ਦੀ ਮਾਨਵਤਾਵਾਦੀ ਸੋਚ ਦੀ ਪ੍ਰਤੀਕ ਹੈ ਅਤੇ ਇਸ ਦੀ ਵਿਲੱਖਣਤਾ ਨੂੰ ਹੋਰ ਗੂੜਾ ਕਰਦੀ ਹੈ। ਲੰਗਰ, ਜਿੱਥੇ ਹਰ ਭੁੱਖੇ ਪੇਟ ਨੂੰ ਰੋਟੀ ਦੇ ਕੇ ਮਨੁੱਖ ਦਰਦੀ ਬਣਨ ਦੀ ਭਾਵਨਾ ਪੈਦਾ ਕਰਦਾ ਹੈ, ਉਥੇ ਲੰਗਰ ਲਈ ਪੰਗਤ, ਮਨੁੱਖਤਾ ‘ਚ ਬਰਾਬਰੀ ਤੇ ਸਾਂਝੀਵਾਲਤਾ ਨੂੰ ਪਕੇਰਾ ਕਰਦੀ ਹੈ। ਗੁਰੂ ਸਾਹਿਬਾਨ ਵੱਲੋਂ ਆਰੰਭੀ ਲੰਗਰ ਪ੍ਰਥਾ ਨੂੰ ਸਿੱਖਾਂ ਨੇ ਹਰ ਸਮੇਂ ਭਾਵੇਂ ਉਹ ਕਿੰਨੀਆਂ ਵੀ ਕਠਿਨਾਈਆਂ ਦਾ ਸਮਾਂ ਕਿਉਂ ਨਹੀਂਂ ਸੀ, ਹਮੇਸ਼ਾ ਜਾਰੀ ਰੱਖਿਆ। ਅੱਜ ਜਦੋਂ ਪਦਾਰਥਵਾਦ ਦੇ ਸਮੇਂ ਨੇ ਮਨੁੱਖ ਦੀ ਸੋਚ ‘ਚ ਅਤੇ ਸਿੱਖ ਸੱਭਿਆਚਾਰ ‘ਚ ਵੀ ਭਾਰੀ ਉੱਥਲ-ਪੁਥਲ ਕਰ ਦਿੱਤੀ ਹੈ, ਉਸ ਸਮੇਂ ਲੰਗਰ ਦੀ ਪੁਰਾਤਨ ਪ੍ਰਥਾ ਵੀ ਆਪਣੇ ਮੰਤਵ ਵਾਲੀ ਲੀਂਹ ਤੋਂ ਹਟਾਈ ਜਾ ਰਹੀ ਹੈ, ਜਿਸ ਬਾਰੇ ਸਿੱਖ ਸੰਗਤਾਂ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਉਸ ਮਿਸ਼ਨ ਤੇ ਮੰਤਵ ਜਿਸਨੂੰ ਲੈ ਕੇ ਗੁਰੂ ਸਾਹਿਬਾਨ ਨੇ ਇਸ ਮਹਾਨ ਮਨੁੱਖਤਾਵਾਦੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ, ਉਸ ਤੋਂ ਭਟਕ ਨਾ ਜਾਈਏ। ਮਾਘ ਦੇ ਮਹੀਨੇ ਨੂੰ ਸਾਡੀ ਕੌਮ ਨੇ ਵੀ ਦਾਨ-ਪੁੰਨ ਦਾ ਵਿਸ਼ੇਸ਼ ਮਹੀਨਾ ਮੰਨ ਲਿਆ ਹੈ, ਹਾਲਾਂਕਿ ਸਿੱਖੀ ‘ਚ ਤਿਥਿ, ਵਾਰ ਦੀ ਕੋਈ ਮਹਾਨਤਾ ਨਹੀਂ। ਗੁਰੂ ਸਾਹਿਬ ਨੇ ਜਿਸ ਇਸਨਾਨ ਤੇ ਦਾਨ ਦੀ ਮਾਘ ਮਹੀਨੇ ਕਰਨ ਦੀ ਗੱਲ ਆਖੀ ਹੈ, ਉਹ ਮਨੁੱਖ ਦੇ ਵਿਕਾਰ ਤੇ ਹਊਮੈ ਦੀ ਮੈਲ ਨੂੰ ਨਾਮ ਬਾਣੀ ਦੇ ਇਸ਼ਨਾਨ ਨਾਲ ਦੂਰ ਕਰਨ ਅਤੇ ਗੁਰੂ ਦੇ ਨਾਮ ਦੀ ਦਾਤ ਹਾਸਲ ਕਰਕੇ, ਉਸਦਾ ਦਾਨ ਕਰਨ ਦੀ ਸਲਾਹ ਦਿੱਤੀ ਹੈ। ਪ੍ਰੰਤੂ ਅਸੀਂ ਮਾਘ ਮਹੀਨੇ ਥਾਂ-ਥਾਂ ਲੰਗਰ ਲਾ ਕੇ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਪਦਾਰਥਵਾਦ ਦੀ ਕਾਹਲੀ ਅੱਗੇ ਲੰਗਰ ਦੀ ਮਹਾਨਤਾ ਨੂੰ ਤੁਛ ਸਮਝਦੇ ਹਨ, ਨੂੰ ਧੱਕੇ ਨਾਲ ਰੋਕ-ਰੋਕ ਕੇ ਲੰਗਰ ਛਕਾਉਣ ਲੱਗੇ ਹੋਏ ਹਨ। ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ ਸੀ ਅਤੇ ਉਸ ਦਸਵੰਧ ਨਾਲ ਲੋੜਵੰਦ ਤੇ ਦੁੱਖੀ ਮਨੁੱਖਤਾ ਦੀ ਸੇਵਾ ਕਰਨ ਦਾ ਸੁਨੇਹਾ ਸਿੱਖਾਂ ਨੂੰ ਸੁਣਾਇਆ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਸਾਰੇ ਗੁਰੂ ਸਾਹਿਬਾਨ ਨੇ ਇਸ ਦਸਵੰਧ ਨਾਲ ਦੁੱਖੀ ਮਨੁੱਖਤਾ ਦੀ ਹੱਥੀਂ ਸੇਵਾ ਕਰਕੇ ਵਿਖਾਈ ਸੀ। ਲੰਗਰ ਸਿੱਖ ਪੰਥ ਦੀ ਨਿਵੇਕਲੀ ਤੇ ਮਹਾਨ ਮਾਨਵਾਤਾਵਾਦੀ ਪ੍ਰੰਪਰਾ ਹੈ, ਜਿਸਨੂੰ ਹਰ ਹੀਲੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ, ਪ੍ਰੰਤੂ ਨਾਲ ਹੀ ਉਸ ਪ੍ਰੰਪਰਾ ਨੂੰ ਜਿਹੜੀ ਦੁੱਖੀ ਮਨੁੱਖਤਾ ਦੀ ਸੇਵਾ ਲਈ ਸਿੱਖੀ ਦੀਆਂ ਮਹਾਨ ਪ੍ਰੰਪਰਾਵਾਂ ‘ਚ ਮੋਢੀ ਹੈ ਨੂੰ ਵੀ ਅੱਗੇ ਵਧਾਉਣਾ ਜ਼ਰੂਰੀ ਹੈ। ਜਿਸ ਬਜ਼ਾਰ ਜਾਂ ਸੜਕ ਕਿਨਾਰੇ ਲੰਗਰ ਲਾ ਕੇ, ਕਾਰਾਂ, ਮੋਟਰਾਂ ਵਾਲਿਆਂ ਨੂੰ ਧੱਕੇ ਨਾਲ ਰੋਕ ਕੇ ਲੰਗਰ ਛਕਾਉਣ ਦਾ ਯਤਨ ਕੀਤਾ ਜਾਂਦਾ ਹੈ, ਉਥੇ ਉਸੇ ਸ਼ਹਿਰ, ਕਸਬੇ ਜਾਂ ਪਿੰਡ ‘ਚ ਸਥਿੱਤ ਸਕੂਲਾਂ ‘ਚ ਜਾ ਕੇ ਠੰਡ ਨਾਲ ਠੁਰ-ਠੁਰ ਕਰਦੇ ਗਰੀਬ ਬੱਚਿਆਂ ਸਰਕਾਰੀ ਹਸਪਤਾਲਾਂ ‘ਚ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਮਰੀਜ਼ਾਂ ਅਤੇ ਬੇਸਹਾਰਾ ਬਜ਼ੁਰਗ, ਜਿਨ੍ਹਾਂ ਦੀ ਬੁਢਾਪੇ ‘ਚ ਕੋਈ ਡੰਗੋਰੀ ਬਣਨ ਵਾਲਾ ਨਹੀਂ ਜੇ ਉਨ੍ਹਾਂ ਦੀ ਵੀ ਥੋੜ੍ਹੀ ਬਹੁਤ ਸਾਰ ਲੈ ਲਈ ਜਾਵੇ ਤਾਂ ਇਸ ਤੋਂ ਵੱਡੀ ਸੇਵਾ ਤੇ ਦਾਨ-ਪੁੰਨ ਸ਼ਾਇਦ ਹੋਰ ਕੋਈ ਨਹੀਂ ਹੋਵੇਗਾ। ਜੋੜ ਮੇਲਿਆਂ ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਾਉਣ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਦੂਰੋਂ-ਦੂਰੋਂ ਜਾਣ ਵਾਲੀਆਂ ਸੰਗਤਾਂ ਲਈ ਰਸਤੇ ‘ਚ ਪ੍ਰਸ਼ਾਦੇ-ਪਾਣੀ ਦਾ ਪ੍ਰਬੰਧ ਜ਼ਰੂਰੀ ਹੈ, ਪ੍ਰੰਤੂ ਧੱਕੇ ਨਾਲ ਰੋਕ ਕੇ ਲੰਗਰ ਛਕਾਉਣਾ ਨਾਂ ਤਾਂ ਸੇਵਾ ਹੈ ਅਤੇ ਨਾਂ ਹੀ ਦਾਨ-ਪੁੰਨ ਇਸ ਲਈ ਸਾਡੇ ਧਾਰਮਿਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਲੰਗਰ ਦੀ ਮਹਾਨਤਾ ਅਤੇ ਦਾਨ-ਪੁੰਨ ਦੇ ਅਰਥ, ਗੁਰਬਾਣੀ ਦੀ ਰੋਸ਼ਨੀ ‘ਚ ਆਮ ਸੰਗਤਾਂ ਨੂੰ ਪੁਖ਼ਤਾ ਕਰਵਾਉਣ ਤਾਂ ਕਿ ਸਿੱਖੀ, ਜਿਹੜੀ ਦੁਖੀ ਮਾਨਵਤਾ ਦੀ ਭਲਾਈ ਦੇ ਮੰਤਵ ਨੂੰ ਲੈ ਕੇ ਪੈਦਾ ਹੋਈ ਹੈ, ਉਸ ਮਿਸ਼ਨ ਦੀ ਪੂਰਤੀ ਦੇ ਮਾਰਗ ਤੇ ਚੱਲਦੀ ਹੋਈ ਹਰ ਨਿਤਾਣੇ ਦਾ ਤਾਣ, ਨਿਮਾਣੇ ਦਾ ਮਾਣ ਤੇ ਨਿਆਸਾਰਿਆਂ ਦਾ ਆਸਰਾ ਬਣੇ। ਸੇਵਾ, ਨਿੱਜ ਨੂੰ ਮਾਰਦੀ ਹੈ, ਹਊਮੈ ਦਾ ਖ਼ਾਤਮਾ ਕਰਦੀ ਹੈ, ਇਸ ਲਈ ਵਿਖਾਵੇ ਦੀ ਸੇਵਾ ਦੀ ਥਾਂ ਅਸੀਂ ਗੁਰੂ ਸਾਹਿਬਾਨ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਸਹੀ ਢੰਗ ਤਰੀਕੇ ਨਾਲ ਨਿਭਾਉਂਦੇ ਹੋਏ ਮਨੁੱਖਤਾ ਦੇ ਸੇਵਕ ਬਣੀਏ, ਇਹੋ ਹੀ ਸਾਡਾ ਸੱਚਾ ਇਸ਼ਨਾਨ ਤੇ ਦਾਨ-ਪੁੰਨ ਹੋਵੇਗਾ।
Source: SikhSangharsh.Com