ਸਿੱਖ ਰੈਫਰੈਂਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਵੀ ਹਾਲੇ ਤੱਕ ਨਹੀਂ ਮਿਲਿਆ ਵਾਪਸ; ਰੱਖਿਆ ਮੰਤਰਾਲੇ ਦੀ ਖ਼ਾਮੋਸ਼ੀ ਬਰਕਰਾਰ

ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ ਤਿੰਨ ਦਹਾਕੇ ਬੀਤ ਚੁੱਕੇ ਹਨ ਅਤੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪ੍ਰਾਪਤੀ ਅਤੇ ਸ੍ਰੀ ਗੁਰੂ ਰਾਮਦਾਸ ਰੈਫਰੈਂਸ ਲਾਇਬਰੇਰੀ ਦੇ ਚੁੱਕੇ ਗਏ ਅਮੁੱਲੇ ਖ਼ਜ਼ਾਨੇ ਦੀ ਵਾਪਸੀ ਲਈ ਜੱਦੋ ਜਹਿਦ ਕਰ ਰਹੀ ਹੈ। ਪਰ ਹੁਣ ਤੱਕ ਕਿਸੇ ਵੀ ਰੂਪ ਵਿੱਚ ਭਰਪਾਈ ਨਹੀਂ ਹੋਈ ਹੈ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦਾ ਭੋਗ 6 ਜੂਨ ਨੂੰ ਪਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪ੍ਰਾਪਤੀ ਲਈ 1985 ਵਿੱਚ ਹੇਠਲੀ ਅਦਾਲਤ ਵਿੱਚ ਇਕ ਹਜ਼ਾਰ ਕਰੋੜ ਰੁਪਏ ਹਰਜਾਨੇ ਦਾ ਕੇਸ ਦਾਇਰ ਕੀਤਾ ਗਿਆ ਸੀ, ਜੋ ਹੁਣ ਸਰਵਉਚ ਅਦਾਲਤ ਵਿੱਚ ਵਿਚਾਰਅਧੀਨ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਵਰ੍ਹੇ ਇਸ ਕੇਸ ਨੂੰ ਚਾਲੂ ਰੱਖਣ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਅਦਾਲਤੀ ਫੀਸ ਜਮ੍ਹਾਂ ਕਰਵਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਗਏ ਸਨ। ਕੇਂਦਰ ਸਰਕਾਰ ਵੱਲੋਂ ਅਦਾਲਤ ਨੂੰ ਜਵਾਬ ਭੇਜਿਆ ਜਾ ਚੁੱਕਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਜਵਾਬ ਭੇਜਿਆ ਜਾਣਾ ਬਾਕੀ ਹੈ। ਇਸ ਕੇਸ ਦੀ ਅਗਲੀ ਸੁਣਵਾਈ ਇਸੇ ਸਾਲ ਅਗਸਤ ਵਿੱਚ ਹੋਵੇਗੀ।

ਇਹ ਕੇਸ ਅੰਮ੍ਰਿਤਸਰ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ, ਜੋ ਬਾਅਦ ਵਿੱਚ ਦਿੱਲੀ ਵਿਖੇ ਤਬਦੀਲ ਹੋ ਗਿਆ। ਲੰਮਾ ਸਮਾਂ ਕੇਸ ਦੀ ਸੁਣਵਾਈ ਚੱਲਦੀ ਰਹੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੇਸ ਨੂੰ ਅਗਾਂਹ ਤੋਰਨ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਫੀਸ ਮੁਆਫ ਕਰਨ ਲਈ ਚਾਰਾਜੋਈ ਕੀਤੀ ਗਈ। ਕੋਈ ਰਾਹਤ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਨੇ ਇਹ ਕੇਸ ਵਿਚਾਲੇ ਛੱਡ ਦੇਣ ਦਾ ਮਨ ਬਣਾ ਲਿਆ ਸੀ ਪਰ ਪਿਛਲੇ ਵਰ੍ਹੇ ਸਿੱਖ ਸੰਗਤ ਦੇ ਦਬਾਅ ਅਤੇ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਕੇਸ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਅਦਾਲਤੀ ਫੀਸ ਜਮ੍ਹਾਂ ਕਰਵਾਈ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਹੋਏ ਨੁਕਸਾਨ ਦੇ ਸਬੂਤ ਵਜੋਂ ਅੱਜ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਬਾਹਰੀ ਸਥਿਤੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ, ਜਿਸ ’ਤੇ ਅੱਜ ਵੀ ਕਈ ਥਾਵਾਂ ’ਤੇ ਗੋਲੀਆਂ ਦੇ ਨਿਸ਼ਾਨ ਅਤੇ ਅੱਗ ਲਾਏ ਜਾਣ ਕਾਰਨ ਕਈ ਥਾਵਾਂ ’ਤੇ ਸੜੇ ਹੋਣ ਦੇ ਨਿਸ਼ਾਨ ਮੌਜੂਦ ਹਨ। ਇਸਦੇ ਬਾਹਰੀ ਰੂਪ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ ਅਤੇ ਹੁਣ ਤੱਕ ਰੰਗ ਰੋਗਨ ਨਹੀਂ ਕਰਵਾਇਆ ਗਿਆ।

ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਿੱਖ ਰੈਫਰੈਂਸ ਲਾਇਬਰ੍ਰੇਰੀ, ਜਿਸ ਨੂੰ ਉਸ ਵੇਲੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ, ਵਿੱਚੋਂ ਚੁੱਕੇ ਗਏ ਅਮੁੱਲੇ ਖ਼ਜ਼ਾਨੇ ਦੀ ਹੁਣ ਤੱਕ ਵਾਪਸੀ ਨਹੀਂ ਹੋ ਸਕੀ ਹੈ। ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਇਸ ਲਾਇਬ੍ਰੇਰੀ ਵਿੱਚੋਂ 15000 ਪੁਸਤਕਾਂ, ਜਿਨ੍ਹਾਂ ਵਿੱਚ ਹੱਥ ਲਿਖਤ ਖਰੜੇ ਤੇ ਹੋਰ ਇਤਿਹਾਸਕ ਪੁਸਤਕਾਂ ਸ਼ਾਮਲ ਸਨ, ਨੂੰ ਭਾਰਤੀ ਫੌਜ ਆਪਣੇ ਨਾਲ ਲੈ ਗਈ ਸੀ। ਇਸਦੀ ਵਾਪਸੀ ਲਈ ਸ਼ੋਮਣੀ ਕਮੇਟੀ ਵੱਲੋਂ ਕਈ ਵਾਰ ਯਤਨ ਕੀਤੇ ਜਾ ਚੁੱਕੇ ਹਨ। ਪਹਿਲਾਂ ਤਾਂ ਕਦੇ ਵੀ ਭਾਰਤੀ ਫੌਜ ਵੱਲੋਂ ਇਹ ਖ਼ਜ਼ਾਨਾ ਹੋਣ ਬਾਰੇ ਪ੍ਰਗਟਾਵਾ ਨਹੀਂ ਕੀਤਾ ਸੀ ਪਰ ਜਦੋਂ ਸ੍ਰੀ ਜਾਰਜ ਫਰਨਾਂਡਿਸ ਰੱਖਿਆ ਮੰਤਰੀ ਬਣੇ ਤਾਂ ਉਨ੍ਹਾਂ ਨੇ ਇੱਕ ਪੱਤਰ ਭੇਜ ਕੇ ਇੰਕਸ਼ਾਫ ਕੀਤਾ ਸੀ ਕਿ ਭਾਰਤੀ ਫੌਜ ਨੇ ਇਹ ਅਮੁੱਲਾ ਖਜ਼ਾਨਾ ਸੀ.ਬੀ.ਆਈ. ਹਵਾਲੇ ਕਰ ਦਿੱਤਾ ਸੀ। ਉਸ ਵੇਲੇ ਦੇ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ, ਜਿਸ ਦੀ ਡਿਊਟੀ ਉਸ ਵੇਲੇ ਸੀ.ਬੀ.ਆਈ. ਨਾਲ ਸੀ, ਨੇ ਇੰਕਸ਼ਾਫ ਕੀਤਾ ਸੀ ਕਿ ਭਾਰਤੀ ਫੌਜ ਇਸ ਅਮੁੱਲੇ ਖਜ਼ਾਨੇ ਨੂੰ ਬੋਰੀਆਂ ਵਿੱਚ ਭਰ ਕੇ ਆਪਣੇ ਨਾਲ ਲੈ ਗਈ ਸੀ। ਇਸ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਕੇਂਦਰ ਵਿੱਚ ਹੁਣ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਸਥਾਪਤ ਹੋ ਚੁੱਕੀ ਹੈ। ਉਹ ਕੇਂਦਰੀ ਰੱਖਿਆ ਮੰਤਰੀ ਕੋਲੋਂ ਮੁਲਾਕਾਤ ਦਾ ਸਮਾਂ ਲੈ ਕੇ ਇਸ ਅਮੁੱਲੇ ਖਜ਼ਾਨੇ ਦੀ ਵਾਪਸੀ ਬਾਰੇ ਗੱਲ ਕਰਨਗੇ। ਇਸ ਸਬੰਧ ਵਿੱਚ ਲੋੜੀਂਦਾ ਪੱਤਰ ਵੀ ਭੇਜਿਆ ਜਾਵੇਗਾ, ਜਿਸ ਵਿੱਚ ਸਾਬਕਾ ਰੱਖਿਆ ਮੰਤਰੀ ਵੱਲੋਂ ਕੀਤੇ ਇੰਕਸ਼ਾਫ ਦਾ ਹਵਾਲਾ ਦਿੱਤਾ ਜਾਵੇਗਾ।

Leave a Reply

Your email address will not be published.

This site uses Akismet to reduce spam. Learn how your comment data is processed.