ਲੰਗਰ ਘਰ ਦੀ ਰਸੋਈ ਦੀ ਉਸਾਰੀ ਠੇਕੇ ’ਤੇ ਦੇਣ ਵਿਰੁੱਧ ਸ਼੍ਰੋਮਣੀ ਢਾਡੀ ਸਭਾਵੱਲੋਂ ਮਰਨ ਵਰਤ 17 ਤੋਂ

ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਰਸੋਈ ਦੀ ਇਮਾਰਤ ਠੇਕੇ ਦੇ ਆਧਾਰ ’ਤੇ ਇੱਕ ਕੰਪਨੀ ਕੋਲੋਂ ਬਣਵਾਏ ਜਾਣ ਦਾ ਵਿਰੋਧ ਕਰ ਰਹੀ ਸ਼੍ਰੋਮਣੀ ਢਾਡੀ ਸਭਾ ਨੇ ਅੱਜ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਖ਼ਿਲਾਫ਼ 17 ਫਰਵਰੀ ਤੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।

ਇਸ ਸਬੰਧੀ ਢਾਡੀ ਸਭਾ ਦੀ ਹੰਗਾਮੀ ਮੀਟਿੰਗ ਵੀ ਹੋਈ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਬਲਦੇਵ ਸਿੰਘ ਐਮ.ਏ. ਨੇ ਦੱਸਿਆ ਕਿ ਢਾਡੀ ਸਭਾ ਦੀ ਮੰਗ ਹੈ ਕਿ ਲੰਗਰ ਘਰ ਦੀ ਰਸੋਈ ਦੀ ਉਸਾਰੀ ਸਿੱਖ ਸਿਧਾਂਤਾਂ ਅਨੁਸਾਰ ਕਾਰ ਸੇਵਾ ਰਾਹੀਂ ਕਰਵਾਈ ਜਾਵੇ, ਜਿਸ ਵਿੱਚ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਯੋਗਦਾਨ ਪਾਉਣ। ਸ਼੍ਰੋਮਣੀ ਕਮੇਟੀ ਵੱਲੋਂ ਇਸ ਇਮਾਰਤ ਦੀ ਉਸਾਰੀ ਠੇਕੇ ਦੇ ਆਧਾਰ ’ਤੇ ਇੱਕ ਕੰਪਨੀ ਕੋਲੋਂ ਕਰਵਾਈ ਜਾ ਰਹੀ ਹੈ, ਜੋ ਕਿ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸਾਰੀ ਦਾ ਕੰਮ ਕਰ ਰਹੀ ਕੰਪਨੀ ਵੱਲੋਂ ਇਥੇ ਕੰਮ ਲਈ ਲਾਏ ਗਏ ਮਜ਼ਦੂਰਾਂ ਤੇ ਹੋਰ ਕਾਰੀਗਰਾਂ ਦਾ ਸਿੱਖ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਵੱਲੋਂ ਕੰਮ ਦੌਰਾਨ ਤੰਬਾਕੂ ਅਤੇ ਹੋਰ ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਸਿੱਖ ਧਰਮ ਵਿੱਚ ਵਰਜਿਤ ਹਨ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਉਹ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਨ ਕਿ ਰਸੋਈ ਦੀ ਇਮਾਰਤ ਦਾ ਕੰਮ ਠੇਕੇ ’ਤੇ ਕਰਾਉਣ ਦੀ ਥਾਂ ਕਾਰ ਸੇਵਾ ਰਾਹੀਂ ਕਰਾਇਆ ਜਾਵੇ। ਫਿਲਹਾਲ ਇਸ ਮੰਗ ’ਤੇ ਕੋਈ ਕਾਰਵਾਈ ਨਹੀਂ ਹੋਈ। ਮਜਬੂਰਨ ਉਨ੍ਹਾਂ ਨੂੰ ਮਰਨ ਵਰਤ ਰੱਖਣ ਦਾ ਫ਼ੈਸਲਾ ਕਰਨਾ ਪਿਆ।

ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਢਾਡੀ ਸਭਾ ਦੇ ਕਾਰਕੁਨ ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ ਵਿੱਚ ਅਰਦਾਸ ਕਰਨਗੇ ਅਤੇ ਉਥੋਂ ਮਾਰਚ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਸਰਾਂ ਨੇੜੇ ਪੁੱਜਣਗੇ ਅਤੇ ਉਥੇ ਹੀ ਮਰਨ ਵਰਤ ’ਤੇ ਬੈਠਣਗੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਸਾਰੀ ਕਰ ਰਹੇ ਸਬੰਧਤ ਕੰਪਨੀ ਦੇ ਅਧਿਕਾਰੀਆਂ ਨੂੰ ਆਖਿਆ ਹੈ ਕਿ ਉਹ ਉਸਾਰੀ ਕਾਰਜ ਵਿੱਚ ਲੱਗੇ ਮਜ਼ਦੂਰਾਂ ਅਤੇ ਹੋਰਨਾਂ ਨੂੰ ਹਦਾਇਤ ਕਰਨ ਕਿ ਉਹ ਇਸ ਖੇਤਰ ਵਿੱਚ ਕੰਮ ਦੌਰਾਨ ਤੰਬਾਕੂ ਤੇ ਹੋਰ ਵਰਜਿਤ ਚੀਜ਼ਾਂ ਦੀ ਵਰਤੋਂ ਨਾ ਕਰਨ। ਇਸ ਤੋਂ ਇਲਾਵਾ ਨਿਗਰਾਨੀ ਅਤੇ ਕੰਮ ਲਈ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਤੋਂ ਜਾਣੂ ਵਿਅਕਤੀਆਂ ਦੀ ਨਿਯੁਕਤੀ ਕੀਤੀ ਜਾਵੇ।

Source: SikhSangharsh.Com

Leave a Reply

Your email address will not be published.

This site uses Akismet to reduce spam. Learn how your comment data is processed.