ਸ੍ਰੀ ਗੁਰਦੁਆਰਾ ਸਾਹਿਬ ‘ਚ ਕੰਮ ਕਰਨ ਤੋਂ ਰੋਕਣ ‘ਤੇ ਇੱਟਾਂ ਨਾਲ ਹਮਲਾ ਕਰਕੇ 3 ਨੂੰ ਜ਼ਖਮੀ ਕੀਤਾ

ਤਰਨਤਾਰਨ: ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਬੁਰਜ ਰਾਏ ਕੇ ਸਥਿਤ ਸ੍ਰੀ ਗੁਰਦੁਆਰਾ ਸਾਹਿਬ ‘ਚ ਕੰਮ ਕਰਨ ਤੋਂ ਰੋਕਣ ‘ਤੇ ਇਕ ਵਿਅਕਤੀ ਨੇ ਆਪਣੇ 3 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਇੱਟਾਂ ਨਾਲ ਹਮਲਾ ਕਰਕੇ 3 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ।

ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਗੁਰਦੇਵ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਚੰਬਾ ਨੇ ਦੱਸਿਆ ਕਿ ਉਹ ਪਿੰਡ ਬੁਰਜ ਰਾਏ ਕੇ ਸ੍ਰੀ ਗੁਰਦੁਆਰਾ ਫਲਾਈ ਸਾਹਿਬ ਵਿਖੇ ਸੇਵਾ ਕਰਦਾ ਹੈ। ਬੀਤੇ ਦਿਨ ਉਹ ਅਤੇ ਹਰਪਾਲ ਸਿੰਘ, ਪ੍ਰਗਟ ਸਿੰਘ ਗੁਰਦੁਆਰਾ ਸਾਹਿਬ ਵਿਚ ਸੁੱਤੇ ਹੋਏ ਸੀ ਤਾਂ ਦੁਪਹਿਰੇ ਕਰੀਬ 12.30 ਵਜੇ ਕਸ਼ਮੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਬੁਰਜ ਰਾਏ ਕੇ ਨੇ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਇੱਟਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਹੋ ਗਏ। ਕਾਰਨ ਇਹ ਕਿ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਗੁਰਦੁਆਰੇ ਵਿਚ ਕੰਮ ਕਰਨ ਤੋਂ ਰੋਕਿਆ ਸੀ।

ਇਸ ਸਬੰਧ ਵਿਚ ਥਾਣਾ ਸਰਹਾਲੀ ਦੇ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।