ਪਾਕਿ ‘ਚ ਸਥਿਤ ਗੁਰਦੁਆਰਾ ‘ਗੁਰੂ ਕੋਠਾ’ ਸਾਹਿਬ ਦੀ ਸਾਂਭ-ਸੰਭਾਲ ਲਈ ਲਾਰਡ ਇੰਦਰਜੀਤ ਸਿੰਘ ਨੇ ਨਵਾਜ਼ ਸ਼ਰੀਫ ਨੂੰ ਮਦਦ ਲਈ ਕਿਹਾ

(ਮਨਪ੍ਰੀਤ ਸਿੰਘ ਬੱਧਨੀ ਕਲਾਂ)-1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਬਹੁਤ ਸਾਰੇ ਸਿੱਖਾਂ ਨਾਲ ਸੰਬੰਧਿਤ ਗੁਰੂ ਘਰਾਂ ਦੀ ਸਾਂਭ-ਸੰਭਾਲ ਕਰਨੀ ਅਜੇ ਵੀ ਬਾਕੀ ਹੈ, ਭਾਵੇਂ ਬੀਤੇ ਕੁਝ ਵਰਿ੍ਹਆਂ ਤੋਂ ਬਹੁਤ ਸਾਰੇ ਗੁਰਦੁਆਰੇ ਮੁੜ ਸਿੱਖ ਯਾਤਰੀਆਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ ਉਨ੍ਹਾਂ ਅੰਦਰ ਆਲੀਸ਼ਾਨ ਉਸਾਰੀ ਕੀਤੀ ਜਾ ਚੁੱਕੀ ਹੈ | ਪਰ ਕੁਝ ਅਜਿਹੇ ਇਤਿਹਾਸਕ ਗੁਰੂ ਘਰ ਅਜੇ ਵੀ ਬਾਕੀ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ, ਮੁਰੰਮਤ ਕਰਨਾ ਬਾਕੀ ਹੈ, ਜਿਨ੍ਹਾਂ ਵਿਚੋਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ‘ਗੁਰੂ ਕੋਠਾ’ ਸਾਹਿਬ ਹੈ | ਇਹ ਗੁਰਦੁਆਰਾ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਵਜ਼ੀਰਾਬਾਦ ਵਿਖੇ ਹੈ | ਲਾਰਡ ਸਿੰਘ ਵੱਲੋਂ ਭੇਜੇ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਗੁਰੂ ਘਰ ਲਈ ਦੀ ਸਕੂਲ ਆਫ ਓਰੀਐਾਟਲ ਐਾਡ ਅਫਰੀਕਨ ਸਟੱਡੀਜ਼ ਦੇ ਨਦੀਰ ਚੀਮਾ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਮਦਦ ਮੰਗੀ ਹੈ | ਡਾ: ਇੰਦਰਜੀਤ ਸਿੰਘ ਲਾਰਡ ਨੇ ਇਸ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲਿਖਿਆ ਹੈ ਕਿ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਵਜ਼ੀਰਾਬਾਦ ਦੇ ਮੁਸਲਮਾਨ ਭਾਈਚਾਰੇ ਨੇ ਇਸ ਗੁਰੂ ਘਰ ਬਾਰੇ ਚਿੰਤਾ ਪ੍ਰਗਟਾਈ ਹੈ ਅਤੇ ਸਾਂਭ-ਸੰਭਾਲ ਲਈ ਸਾਡਾ ਧਿਆਨ ਦਿਵਾਇਆ ਹੈ | ਪਾਕਿਸਤਾਨ ਦੇ ਲੰਡਨ ਸਥਿਤ ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਪੱਤਰ ਨੂੰ ਨਵਾਜ਼ ਸ਼ਰੀਫ ਤੱਕ ਪਹੁੰਚਾਉਣਗੇ, ਤਾਂ ਕਿ ਇਸ ਇਤਿਹਾਸਕ ਗੁਰੂ ਘਰ ਨੂੰ ਬਚਾਇਆ ਜਾ ਸਕੇ |

Source: SikhSangharsh.Com