ਪੰਜਾਬੀ ‘ਵਰਸਿਟੀ ਵਿਖੇ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਕੌਮੀ ਸੈਮੀਨਾਰ ਸ਼ੁਰੂ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ”ਗਦਰ ਲਹਿਰ: ਗਦਰੀ ਲਿਖਤਾਂ ਤੇ ਪੰਜਾਬੀ ਸਾਹਿਤ ‘ਚ ਇਸ ਦੀ ਪੇਸ਼ਕਾਰੀ ਦਾ ਵਿਸ਼ਲੇਸ਼ਣ” ਵਿਸ਼ੇ ‘ਤੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਆਰੰਭ ਹੋ ਗਿਆ | ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਇਕ ਨਵੀਂ ਪਿਰਤ ਪਾਈ ਗਈ | ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ, ਸੱਭਿਆਚਾਰ ਦੇ ਨਾਲ-ਨਾਲ ਦੇਸ਼ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਮਹੱਤਵ ਦਿੰਦੇ ਹੋਏ ਦੇਸ਼ ਦੇ ਇਤਿਹਾਸਕ ਸੱਭਿਆਚਾਰ ਨੂੰ ਵੀ ਪ੍ਰਫੁਲਿਤ ਕਰਨ ‘ਚ ਯਤਨਸ਼ੀਲ ਹੈ |

ਗਦਰ ਲਹਿਰ ਬਾਰੇ ਉਨ੍ਹਾਂ ਕਿਹਾ ਕਿ ਇਹ ਲਹਿਰ ਇਸ ਕਰਕੇ ਵਿਲੱਖਣ ਲਹਿਰ ਵਜੋਂ ਜਾਣੀ ਜਾਂਦੀ ਹੈ ਕਿਉਂਕਿ ਭਾਰਤ ਦੀ ਆਜ਼ਾਦੀ ਲਈ ਇਹ ਲਹਿਰ ਇਕ ਬਾਹਰਲੇ ਮੁਲਕ ‘ਚ ਜਨਮੀ ਸੀ | ਉਨ੍ਹਾਂ ਅੱਜ ਸਮਾਗਮ ਆਰੰਭ ਹੋਣ ਤੋਂ ਪਹਿਲਾਂ ਨਵੇਂ ਉਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਉਦਘਾਟਨ ਕੀਤਾ | ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ 2014 ਵਿਚ ਗ਼ਦਰ ਲਹਿਰ ਸਮੇਂ ਦੀ ਮਹੱਤਵਪੂਰਨ ਘਟਨਾ ”ਕਾਮਾਗਾਟਾਮਾਰੂ ਦਾ ਸ਼ਤਾਬਦੀ ਸਮਾਰੋਹ” ਪੰਜਾਬੀ ਯੂਨੀਵਰਸਿਟੀ ਵੱਲੋਂ ਕਲਕੱਤਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਲਕੱਤਾ ਵਿਖੇ ਆਜ਼ਾਦੀ ਘੁਲਾਟੀਆ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਮਨਾਇਆ ਜਾਵੇਗਾ | ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਗ਼ਦਰ ਲਹਿਰ ਦੇ ਇਤਿਹਾਸ ਨੂੰ ਦਰਸਾਉਂਦਾ 700 ਸਫ਼ਿਆਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ ਗਿਆ ਹੈ |

ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਜੇ.ਐਸ. ਗਰੇਵਾਲ ਨੇ ਉਦਘਾਟਨੀ ਭਾਸ਼ਣ ਪੜਿ੍ਹਆ | ਸਾਬਕਾ ਡਾਇਰੈਕਟਰ ਆਈ. ਸੀ. ਐੱਚ. ਆਰ, ਨਵੀਂ ਦਿੱਲੀ ਪ੍ਰੋ. ਟੀ. ਆਰ. ਸਰੀਨ ਦੁਆਰਾ ਕੁੰਜੀਵਤ ਭਾਸ਼ਣ ਦਿੱਤਾ | ਇਸ ਮੌਕੇੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਬੰਤਾ ਸਿੰਘ ਸੰਧਾਵਾਲ, ਪੰਡਿਤ ਮੋਹਨ ਲਾਲ ਪਾਠਕ ਅਤੇ ਪੰਡਿਤ ਜਗਤ ਰਾਮ, ਹਰਿਆਣਾ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਸ਼੍ਰੋਮਣੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਸਮਾਗਮ ਦੇ ਆਰੰਭ ਤੇ ਸੈਮੀਨਾਰ ਦੇ ਕਨਵੀਨਰ ਡਾ: ਜਸਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਸੈਮੀਨਾਰ ਦੀ ਕੋਆਰਡੀਨੇਟਰ ਡਾ: ਇੰਦੂ ਬਾਂਗਾਂ ਨੇ ਸੈਮੀਨਾਰ ਦੀ ਰੂਪ-ਰੇਖਾ ਅਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਗ਼ਦਰ ਲਹਿਰ ਬੀਬਲੋਗ੍ਰਾਫੀ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਇੰਚਾਰਜ ਡਾ.ਬਲਵਿੰਦਰਜੀਤ ਕੌਰ ਭੱਟੀ ਦੀ ਅਗਵਾਈ ਵਿਚ ਤਿਆਰ ”ਪੰਜਾਬ, ਪਾਸਟ ਐਾਡ ਪ੍ਰੈਜ਼ੈਂਟ” ਦਾ ਗਦਰ ਲਹਿਰ ਨੂੰ ਸਮਰਪਿਤ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ ਗਿਆ | ਸਮਾਗਮ ਦੇ ਅੰਤ ਤੇ ਡੀਨ ਅਕਾਦਮਿਕ ਮਾਮਲੇ ਡਾ. ਪਰਮਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |