ਸਾਹਿਬਜ਼ਾਦਾ ਅਜੀਤ ਸਿੰਘ ਨਗਰ:- ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਸੈਕਟਰ 70 ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਨਾਨਕਸਾਹੀ ਕਲੈਂਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਸੰਬੰਧੀ ਵਿਸੇਸ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ। ਜਿਸ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ ਤੇ ਉੱਚ ਕੋਟੀ ਰਾਗੀ ਜਥਿਆਂ ਪਾਸੋਂ ਗੁਰੂ ਜਸ ਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਮੈਂਬਰ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਮੰਗ ਕਰਦੀਆਂ ਹਨ ਕਿ ਕੌਮ ਦੀ ਵਿਲੱਖਣ ਹੋਂਦ ਤੇ ਇੱਕਸਾਰਤਾ ਲਈ ਮੂਲ ਨਾਨਕਸਾਹੀ ਕਲੈਂਡਰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਕਰਮੀ ਕਲੈਂਡਰ ਦੇ ਪ੍ਰਭਾਵ ਵਾਲਾ ਮੌਜੂਦਾ ਵਿਗੜਿਆ ਕਲੈਂਡਰ ਰਾਜਸੀ ਕਾਰਨਾਂ ਕਰਕੇ ਲਾਗੂ ਕੀਤਾ ਗਿਆ ਹੈ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਪੁਰਬ ਇੱਕ ਸਾਲ ਦੋ ਵਾਰ ਆਉਂਦਾ ਹੈ ਅਤੇ ਅਗਲੇ ਸਾਲ ਆਉਂਦਾ ਹੀ ਨਹੀਂ। ਜਦ ਕਿ ਪੱਕੀਆਂ ਤਾਰੀਖਾਂ ਤੇ ਗੁਰਪੁਰਬ ਸੰਗਤਾਂ ਨੂੰ ਅਨੇਕਾਂ ਭੁਲੇਖਿਆਂ ਤੋਂ ਦੂਰ ਕਰਦਾ ਸੀ। ਪਰ ਆਰ ਐਸ ਐਸ ਦੇ ਦਬਾਅ ਹੇਠ ਚਲ ਰਹੀ ਸ੍ਰੋਮਣੀ ਕਮੇਟੀ ਵੱਖ ਵੱਖ ਢੰਗਾਂ ਨਾਲ ਗੁਰਮਤਿ ਦੇ ਸਿਧਾਂਤਾ ਨੂੰ ਖੋਰਾ ਲਗਾਊਣ ਦਾ ਕੰਮ ਕਰ ਰਹੀ ਹੈ। ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਤ ਅਤੇ ਸ੍ਰੋਮਣੀ ਕਮੇਟੀ ਜਨਰਲ ਹਾਊਸ ਵੱਲੋ ਅਪਨਾਏ ਜਾ ਚੁੱਕੇ ਮੂਲ ਨਾਨਕਸਾਹੀ ਕਲੈਂਡਰ ਨੂੰ ਸ੍ਰ; ਮੱਕੜ ਵੱਲੋਂ ਬਦਲ ਦਿੱਤਾ ਜਾਣਾ ਸ੍ਰ; ਮੱਕੜ ਦੀ ਪ੍ਰਧਾਨਗੀ ਹੇਠ ਸ੍ਰੋਮਣੀ ਕਮੇਟੀ ਦੇ ਕਾਲੇ ਦੌਰ ਦੀ ਇੱਕ ਮਿਸਾਲ ਹੈ।
Source: WWW.PunjabSpectrum