ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਤੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਫ਼ੌਜੀ ਹਮਲਾ ਹੋਇਆ। ਇਸ ਵਿੱਚ 17 ਬੇਗੁਨਾਹ ਮਾਰੇ ਗਏ ਸਨ। ਇਨ੍ਹਾਂ ਵਿੱਚ ਇੱਕ ਮੰਗਤਾ, ਇੱਕ ਨੇਤਰਹੀਣ ਸਮੇਤ ਤਿੰਨ ਔਰਤਾਂ ਸ਼ਾਮਲ ਸਨ। ਇਹ ਜਾਣਕਾਰੀ ਮ੍ਰਿਤਕਾਂ ਦੀ ਸ਼ਨਾਖ਼ਤ ਕਰਨ ਵਾਲੇ ਗੁਰਦੁਆਰਾ ਦੂਖ ਨਿਵਾਰਨ ਦੇ ਤਤਕਾਲੀ ਮੈਨੇਜਰ ਅਜਾਇਬ ਸਿੰਘ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 5-6 ਜੂਨ ਦੀ ਰਾਤ ਕਰੀਬ 12 ਵਜੇ ਗੋਲੀਆਂ ਚੱਲੀਆਂ। ਇਸ ਤੋਂ ਬਾਅਦ ਆਪਰੇਸ਼ਨ ਇੰਚਾਰਜ ਬ੍ਰਿਗੇਡੀਅਰ ਹਰਪਾਲ ਸਿੰਘ ਚੌਧਰੀ ਨੇ ਉਨ੍ਹਾਂ ਨੂੰ ਲਾਸ਼ਾਂ ਪਛਾਣਨ ਨੂੰ ਕਿਹਾ। ਇਨ੍ਹਾਂ ਵਿੱਚੋਂ ਉਨ੍ਹਾਂ ਨੇ ਸੁਰਮਾ ਸਿੰਘ, ਇੱਕ ਨਿਹੰਗ ਸਿੰਘ, ਇੱਕ ਮੰਗਤਾ ਤੇ ਇੱਕ ਨੇਤਰਹੀਣ ਦੀ ਲਾਸ਼ ਪਛਾਣ ਲਈ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਬਾਹਰ ਪੌੜੀਆਂ ਵਿੱਚ ਪਈ ਬਾਬਾ ਰਤਨ ਸਿੰਘ, ਕਿੱਲਾ ਬਖੂਹਾ ਦੇ ਕਰੀਬ 40 ਸਾਲਾ ਜੇਲ੍ਹ ਵਾਰਡਨ ਤੇ ਸਰਹਿੰਦ ਦੇ ਬੀਡੀਓ ਦਲੀਪ ਸਿੰਘ ਗਿੱਲ ਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਦੀ ਲਾਸ਼ ਪਛਾਣੀ। ਸਰੋਵਰ ਪਰਿਕਰਮਾ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਤਕਾਲੀ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਅੱਕਾਂਵਾਲੀ, ਨਛੱਤਰ ਸਿੰਘ ਦੋਦੜਾ ਤੇ ਮਨਜੀਤ ਸਿੰਘ ਚਾਹਲ ਤੋਂ ਇਲਾਵਾ 90 ਦੇ ਕਰੀਬ ਸਿੰਘ ਤੇ ਸਿੰਘਣੀਆਂ ਸਨ। ਸਵੇਰੇ ਕਰੀਬ 4 ਵਜੇ ਹਰਵਿੰਦਰ ਸਿੰਘ ਤੇ ਹੋਰਾਂ ਨੂੰ ਰਣਜੀਤ ਸਿੰਘ ਸਮਾਣਾ ਨੇ ਪਛਾਣ ਲਿਆ ਤੇ ਉਸਨੇ ਵਾਇਰਲੈੱਸ ਰਾਹੀਂ ਸੂਚਨਾ ਦਿੱਤੀ। ਇਸ ਮਗਰੋਂ ਹਰਵਿੰਦਰ ਸਿੰਘ ਖ਼ਾਲਸਾ ਨੂੰ ਜ਼ਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ।
ਸ੍ਰੀ ਗਿੱਲ ਨੇ ਦੱਸਿਆ ਕਿ ਬਾਹਰ ਸਾਈਕਲ ਸਟੈਂਡ ਵਿੱਚ ਹੈੱਡ ਗ੍ਰੰਥੀ ਗੁਰਮੀਤ ਸਿੰਘ ਸਮੇਤ ਕਈ ਬੰਦੇ ਰੱਸੀਆਂ ਨਾਲ ਨੂੜੇ ਹੋਏ ਸਨ। ਆਪਰੇਸ਼ਨ ਖਤਮ ਹੋਣ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਆਉਣ ’ਤੇ ਬ੍ਰਿਗੇਡੀਅਰ ਹਰਪਾਲ ਸਿੰਘ ਚੌਧਰੀ ਨੇ ਕਿਹਾ ਸੀ ਕਿ ‘ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ ਕਿ ਮੇਰੇ ਹੱਥੋਂ ਕੋਈ ਬੇਕਸੂਰ ਨਾ ਮਾਰਿਆ ਜਾਵੇ ਪਰ ਅਫ਼ਸੋਸ ਸਾਰੇ ਹੀ ਬੇਗੁਨਾਹ ਮਾਰੇ ਗਏ ਤੇ ਜਿਨ੍ਹਾਂ ਪਿੱਛੇ ਇਹ ਸਭ ਹੋਇਆ, ਉਹ ਜ਼ਿੰਦਾ ਬਚ ਗਏ।’ ਕਾਰਵਾਈ ਖਤਮ ਹੋਣ ਤੋਂ ਬਾਅਦ ਜਦੋਂ ਸਾਰੇ ਮੁਲਾਜ਼ਮ ਆਜ਼ਾਦ ਹੋਏ ਤਾਂ ਉਹ ਕੁਆਰਟਰਾਂ ਵਿੱਚ ਗਏ। ਉਨ੍ਹਾਂ ਦੇਖਿਆ ਕਿ ਉੱਥੇ ਸਮਾਨ ਗਾਇਬ ਸੀ। ਚੋਰੀ ਹੋਏ ਸਮਾਨ ਵਿੱਚ 31 ਘੜੀਆਂ, 1 ਟਾਈਮਪੀਸ, 3 ਟੇਪ ਰਿਕਾਰਡਰ, 5 ਟਰਾਂਜਿਸਟਰ, 15 ਤੋਲੇ ਦੇ ਸੋਨੇ ਦੇ ਗਹਿਣੇ, 8 ਤੋਲੇ ਚਾਂਦੀ ਦੇ ਗਹਿਣੇ ਤੇ ਕਰੀਬ 19 ਹਜ਼ਾਰ ਰੁਪਏ ਸਨ। ਬ੍ਰਿਗੇਡੀਅਰ ਵੱਲੋਂ ਪੜਤਾਲ ਕਰਵਾਉਣ ’ਤੇ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ।
ਸ੍ਰੀ ਗਿੱਲ ਨੇ ਦੱਸਿਆ ਕਿ ਡਿਊਟੀ ਅਨੁਸਾਰ ਉਹ ਟਰੱਕ ਵਿੱਚ 17 ਲਾਸ਼ਾਂ ਰਾਜਿੰਦਰਾ ਹਸਪਤਾਲ ਪੋਸਟਮਾਰਟਮ ਲਈ ਲੈ ਕੇ ਗਏ ਤੇ ਲੱਕੜਾਂ ਦਾ ਇੱਕ ਟਰੱਕ ਬਡੂੰਗਰ ਦੀਆਂ ਮੜ੍ਹੀਆਂ ਵਿੱਚ ਵੀ ਛੱਡ ਆਏ। ਪੋਸਟਮਾਰਟਮ ਤੋਂ ਬਾਅਦ ਰਾਤ ਨੂੰ ਹੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ।
Source: SikhChannel.Com