ਸ਼ਹੀਦ ਭਾਈ ਜਸਪਾਲ ਸਿੰਘ ਦਾ ਜਨਮ 5 ਮਈ 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ. ਗੁਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਉਨਾਂ ਨੇ ਮੁੱਢਲੀ ਪੜ੍ਹਾਈ ਆਰਮੀ ਸਕੂਲ ਨਾਭਾ ਤੋਂ ਕੀਤੀ। ਇਥੋਂ ਪੰਜਵੀਂ ਪਾਸ ਕਰਨ ਉਪਰੰਤ ਉਨਾਂ ਸੁਖਜਿੰਦਰ ਸਿੰਘ ਸੀਨੀ. ਸੈਕੰਡਰੀ ਸਕੂਲ ਹਯਾਤ ਨਗਰ ਤੋਂ ਦਸਵੀਂ ਅਤੇ ਫਿਰ ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਤੋਂ 10+2 ਪਾਸ ਕੀਤੀ। ਇਸ ਦੇ ਬਾਅਦ ਉਸ ਨੇ ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇਲੈਕਟਰੋਨਿਕ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖਲਾ ਲਿਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਭਾਈ ਜਸਪਾਲ ਸਿੰਘ ਸਿੱਧੂ ਆਪਣੇ ਮਾਪਿਆਂ ਦੇ ਇਕਲੌਤੇ ਸਪੁੱਤਰ ਸਨ। ਇਨ੍ਹਾਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਪੂਰਨ ਗੁਰਸਿੱਖੀ ਰੂਪ ਧਾਰ ਲਿਆ ਅਤੇ ਵਿਰਾਸਤ ਵਿਚ ਮਿਲੀ ਗੁਰਸਿੱਖੀ ਦੀ ਗੁੜਤੀ ਨੇ ਭਾਈ ਜਸਪਾਲ ਸਿੰਘ ਨੂੰ ਸਿੱਖੀ ਸਿਦਕ ਵਿਚ ਇੰਨਾ ਵਿਸ਼ਵਾਸ ਹੋ ਗਿਆ ਕਿ ਉਹ ਕੇਸਾਂ ਤੇ ਕੰਘਾ ਕਰਨ ਸਮੇਂ ਵੀ ਜ਼ਮੀਨ ਤੇ ਸਾਫ ਕਪੜਾ ਵਿਸ਼ਾ ਲੈਂਦੇ ਸੀ ਤਾਂ ਕਿ ਮੇਰੇ ਇਸ ਸਰੂਪ ਦਾ ਕੋਈ ਵੀ ਰੋਮ ਵਿਅਰਥ ਨਾ ਰੁੱਲੇ। ਰੋਜ਼ਾਨਾ ਸਵੇਰੇ ਉਠ ਕੇ ਇਸ਼ਨਾਨ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਪਾਠ ਕਰ ਕੇ ਅਪਣੇ ਰੋਜ਼ਾਨਾ ਜੀਵਨ ਦੀ ਸ਼ੁਰੂਆਤ ਕਰਦਾ ਸੀ। ਜਿਥੇ ਉਹ ਬਾਣੀ ਵਿਚ ਪ੍ਰਪੱਖ ਸਨ, ਉਥੇ ਹੀ ਨਾਲ-ਨਾਲ ਪੜ੍ਹਾਈ ਵਿਚ ਵੀ ਭਾਈ ਜਸਪਾਲ ਸਿੰਘ ਸ਼ਾਨਦਾਰ ਮੋਹਰਲੀ ਕਤਾਰ ਵਿਚ ਅਪਣੀ ਸ਼ਾਨ ਮਹਿਸੂਸ ਕਰਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ‘ਜਿੰਦਾ ਸ਼ਹੀਦ’ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੱਖ ਕੌਮ ਵਲੋਂ ਅਰੰਭੇ ਸ਼ਾਂਤਮਈ ਸੰਘਰਸ਼ ਦੌਰਾਨ ਸਿੱਖ ਕੌਮ ਦੀ ਆਨ ਤੇ ਸ਼ਾਨ ਦਸਤਾਰ ਦੀ ਰਖਵਾਲੀ ਕਰਦਿਆਂ ਗੁਰਦਾਸਪੁਰ ਵਿਖੇ 29 ਮਾਰਚ 2012 ਨੂੰ ਪੁਲਿਸ ਦੀ ਅੰਧਾ ਧੁੰਦ ਗੋਲੀਬਾਰੀ ਦੌਰਾਨ ਭਾਈ ਜਸਪਾਲ ਸਿੰਘ ਕੌਮ ਨੂੰ ਸਮਰਪਿਤ ਹੋ ਕੇ ਸ਼ਹੀਦ ਹੋ ਗਏ।
ਸ਼ਹੀਦ ਭਾਈ ਜਸਪਾਲ ਸਿੰਘ ਦੀ ਬਰਸੀ 29 ਮਾਰਚ 2014 ਨੂੰ ਉਨਾਂ ਦੇ ਗ੍ਰਹਿ ਪਿੰਡ ਚੌੜ ਸਿੱਧਵਾਂ ਵਿਖੇ ਮਨਾਈ ਜਾ ਰਹੀ ਹੈ।