ਗੁਰਦੁਆਰਾ ਦਰਸ਼ਨ: ਪੂਰਬੀ ਅਫਰੀਕਾ ਦੇ ਪਹਿਲੇ ਗੁਰਦੁਆਰੇ

ਗੁਰਦੁਆਰੇ ਸਿੱਖੀ ਦੀ ਸ਼ਾਨ ਹਨ। ਸਿੱਖਾਂ ਲਈ ਇਹ ਸਿਰਫ ਧਾਰਮਿਕ ਸਥਾਨ ਹੀ ਨਹੀਂ, ਬਲਕਿ ਕੌਮ ਦੇ ਸਾਂਝੇ ਮਸਲੇ ਵਿਚਾਰਨ ਲਈ ਇਕ ਅਧਿਆਤਮਕ ਮੰਚ ਵੀ ਮੁਹੱਈਆ ਕਰਾਉਂਦੇ ਹਨ। ਸੰਸਾਰ ਵਿਚ ਸਿੱਖ ਜਿਥੇ ਵੀ ਗਏ, ਉਥੇ ਹੀ ਇਨ੍ਹਾਂ ਨੇ ਆਪਣੇ ਘਰ ਬਣਾਉਣ ਤੋਂ ਪਹਿਲਾਂ ਗੁਰੂ ਘਰ ਉਸਾਰਨ ਨੂੰ ਤਰਜੀਹ ਦਿੱਤੀ। ਸਿੱਖ ਯੂਰਪ ਤੇ ਉੱਤਰੀ ਅਮਰੀਕਾ ਵਿਚ ਕਾਫੀ ਪਹਿਲਾਂ ਹੀ ਪਹੁੰਚ ਗਏ ਸਨ। ਇਸ ਲਈ ਉੱਥੇ ਗੁਰੂ ਘਰ ਵੀ ਪਹਿਲਾਂ ਹੀ ਤਾਮੀਰ ਹੋ ਗਏ। ਅਫਰੀਕਾ ਵਿਚ ਸਿੱਖ ਤਕਰੀਬਨ 1890 ਵਿਚ ਉਦੋਂ ਜਾਣੇ ਸ਼ੁਰੂ ਹੋਏ, ਜਦੋਂ ਅੰਗਰੇਜ਼ਾਂ ਨੇ ਕੀਨੀਆ ਤੋਂ ਯੂਗਾਂਡਾ ਤੱਕ ਰੇਲਵੇ ਲਾਈਨ ਵਿਛਾਉਣ ਲਈ ਈਸਟ ਅਫਰੀਕਨ ਰੇਲਵੇ ਕੰਪਨੀ ਕਾਇਮ ਕੀਤੀ। ਸਿੱਖਾਂ ਨੂੰ ਮਜ਼ਦੂਰ ਅਤੇ ਮਿਸਤਰੀਆਂ ਦੇ ਰੂਪ ਵਿਚ ਯੂਗਾਂਡਾ ਅਤੇ ਕੀਨੀਆ ਲਿਆਂਦਾ ਗਿਆ। ਹੌਲੀ-ਹੌਲੀ ਸਿੱਖ ਨਵੇਂ ਮਾਹੌਲ ਵਿਚ ਢਲ ਗਏ। ਜਲਦੀ ਹੀ ਜ਼ਿਆਦਾ ਪੜ੍ਹੇ-ਲਿਖੇ ਤੇ ਹੁਨਰਮੰਦ ਸਿੱਖ ਵੀ ਕੀਨੀਆ ਪਹੰਚਣੇ ਸ਼ੁਰੂ ਹੋ ਗਏ। ਹੌਲੀ-ਹੌਲੀ ਰੇਲਵੇ ਸਮੇਤ ਕੀਨੀਆ ਦਾ ਕੋਈ ਵੀ ਅਜਿਹਾ ਸਰਕਾਰੀ ਅਦਾਰਾ ਨਹੀਂ ਸੀ, ਜਿਥੇ ਸਿੱਖ ਮੁਲਾਜ਼ਮਤ ਨਾ ਕਰਦੇ ਹੋਣ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਿੱਖ ਪੁਲਿਸ ਮੁਲਾਜ਼ਮ ਵੀ ਇੰਡੀਆ ਤੋਂ ਮੰਗਵਾਏ ਗਏ। ਅਨੇਕਾਂ ਸਿੱਖ ਤਾਂ ਆਪਣੇ ਕੰਮ ਮੁਕੰਮਲ ਕਰਕੇ ਵਾਪਸ ਇੰਡੀਆ ਪਰਤ ਗਏ ਪਰ ਹਜ਼ਾਰਾਂ ਦੀ ਗਿਣਤੀ ਵਿਚ ਉਹ ਕੀਨੀਆ ਵਿਚ ਹੀ ਪੱਕੇ ਤੌਰ ‘ਤੇ ਵਸ ਗਏ।

ਜਦੋਂ ਸਿੱਖਾਂ ਦੀ ਆਬਾਦੀ ਵਧਣ ਲੱਗੀ ਤਾਂ ਧਾਰਮਿਕ ਤਿੱਥ-ਤਿਉਹਾਰ ਮਨਾਉਣ ਅਤੇ ਸਾਂਝੀ ਥਾਂ ‘ਤੇ ਦੁਖ-ਸੁਖ ਵਿਚ ਇਕੱਠੇ ਹੋਣ ਲਈ ਗੁਰਦੁਆਰਿਆਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਜਿਵੇਂ-ਜਿਵੇਂ ਸਿੱਖਾਂ ਦੇ ਵਪਾਰ ਤੇ ਕੰਮ-ਧੰਦੇ ਪ੍ਰਫੁਲਤ ਹੋਣ ਲੱਗੇ, ਗੁਰਦੁਆਰੇ ਬਣਾਏ ਜਾਣੇ ਸ਼ੁਰੂ ਹੋ ਗਏ। ਨਵੀਂ ਪੀੜ੍ਹੀ ਨੂੰ ਪੰਜਾਬੀ ਸਿਖਾਉਣ ਤੇ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਅਨੇਕਾਂ ਖਾਲਸਾ ਸਕੂਲ ਵੀ ਖੋਲ੍ਹੇ ਗਏ। ਪੂਰਬੀ ਅਫਰੀਕਾ ਵਿਚ ਵੈਸੇ ਤਾਂ ਅਨੇਕਾਂ ਗੁਰਦੁਆਰੇ ਬਣੇ ਹਨ ਪਰ ਹੇਠ ਲਿਖੇ ਗੁਰੂ ਘਰ ਸਭ ਤੋਂ ਪਹਿਲਾਂ ਬਣਾਏ ਗਏ ਅਤੇ ਬਹੁਤ ਹੀ ਮਸ਼ਹੂਰ ਹਨ।

1. ਸਿੱਖ ਟੈਂਪਲ ਨਾਕੂਰੂ, ਕੀਨੀਆ: ਪੂਰਬੀ ਅਫਰੀਕਾ ਦਾ ਸਭ ਤੋਂ ਪਹਿਲਾ ਗੁਰੂ ਘਰ ਨਾਕੂਰੂ, ਕੀਨੀਆ ਵਿਚ ਹੋਂਦ ਵਿਚ ਆਇਆ। ਸਿੱਖ ਜ਼ਿਆਦਾਤਰ ਰੇਲਵੇ ਕੰਪਨੀ ਵਿਚ ਨੌਕਰੀ ਕਰਦੇ ਸਨ। ਇਸ ਤੋਂ ਇਲਾਵਾ ਕਾਫੀ ਸਿੱਖ ਸਰਕਾਰੀ ਨੌਕਰੀ ਅਤੇ ਗੋਰਿਆਂ ਦੇ ਫਾਰਮਾਂ ਵਿਚ ਵੀ ਕੰਮ ਕਰਦੇ ਸਨ। ਸਿੱਖਾਂ ਵੱਲੋਂ ਮੰਗ ਕਰਨ ‘ਤੇ ਉਨ੍ਹਾਂ ਦੀਆਂ ਧਾਰਮਿਕ ਜ਼ਰੂਰਤਾਂ ਨੂੰ ਸਾਹਮਣੇ ਰੱਖਦੇ ਹੋਏ ਰੇਲਵੇ ਕੰਪਨੀ ਨੇ ਉਨ੍ਹਾਂ ਨੂੰ ਗੁਰਦੁਆਰਾ ਤਾਮੀਰ ਕਰਨ ਲਈ 1903 ਇਕ ਪਲਾਟ ਦੇ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਸਿੱਖਾਂ ਨੇ ਇਕ ਆਰਜ਼ੀ ਇਮਾਰਤ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਤੇ ਧਾਰਮਿਕ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ। ਜਦੋਂ ਆਬਾਦੀ ਕਾਫੀ ਵਧ ਗਈ ਤਾਂ 1925 ਵਿਚ ਗੁਰਦੁਆਰੇ ਦੀ ਮੌਜੂਦਾ ਇਮਾਰਤ ਵਾਲੀ ਜਗ੍ਹਾ ਖਰੀਦ ਲਈ ਗਈ। ਤਿੰਨ ਮਹੀਨੇ ਦੇ ਸਮੇਂ ਵਿਚ ਹੀ ਸ਼ਾਨਦਾਰ ਇਮਾਰਤ ਤਾਮੀਰ ਕਰ ਦਿੱਤੀ ਗਈ। ਸਮੇਂ-ਸਮੇਂ ‘ਤੇ ਇਮਾਰਤ ਵਿਚ ਵਾਧਾ ਕੀਤਾ ਜਾਂਦਾ ਰਿਹਾ ਤੇ ਲੰਗਰ ਹਾਲ, ਸਰਾਵਾਂ ਤੇ ਗੁਸਲਖਾਨਿਆਂ ਦੀ ਉਸਾਰੀ ਕਰਵਾਈ ਗਈ।
1936 ਵਿਚ ਅਚਾਨਕ ਅੱਗ ਲੱਗਣ ਕਾਰਨ ਗੁਰੂ-ਘਰ ਨਸ਼ਟ ਹੋ ਗਿਆ ਪਰ ਸਿੱਖਾਂ ਨੇ ਬੜੇ ਸਬਰ ਨਾਲ ਸਥਿਤੀ ਦਾ ਸਾਹਮਣਾ ਕੀਤਾ ਤੇ 6 ਮਹੀਨਿਆਂ ਦੇ ਅੰਦਰ ਹੀ ਗੁਰਦੁਆਰੇ ਦੀ ਮੌਜੂਦਾ ਇਮਾਰਤ ਤਿਆਰ ਕਰ ਦਿੱਤੀ। ਸ਼ਾਨਦਾਰ ਲੰਗਰ ਤੇ ਸਰਾਵਾਂ ਦੀ ਉਸਾਰੀ ਵੀ ਕਰਵਾਈ ਗਈ। ਇਸ ਗੁਰੂ ਘਰ ਦੀ ਸੇਵਾ ਵਿਚ ਇਕ ਸਿੱਖ ਵਪਾਰੀ ਭਗਤ ਮੂਲਰਾਜ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ 1928 ਵਿਚ ਗੁਰਦੁਆਰਾ ਕਮੇਟੀ ਦੇ ਸਰਬ ਸੰਮਤੀ ਨਾਲ ਪ੍ਰਧਾਨ ਬਣੇ ਤੇ 22 ਸਾਲ ਗੁਰੂ ਘਰ ਦੀ ਨਿਸ਼ਕਾਮ ਸੇਵਾ ਕੀਤੀ। ਉਨ੍ਹਾਂ ਨੇ ਇਸ ਗੁਰੂ ਘਰ ਦੀ ਉਸਾਰੀ ਤੇ ਵਿਕਾਸ ਵਿਚ ਤਨ, ਮਨ, ਧਨ ਨਾਲ ਅਣਥੱਕ ਸੇਵਾ ਕੀਤੀ ਤੇ ਆਪਣੀ ਮਰਜ਼ੀ ਨਾਲ 1950 ਵਿਚ ਸੇਵਾ-ਮੁਕਤ ਹੋ ਗਏ। ਸੰਗਤਾਂ ਨੇ ਸੇਵਾ-ਮੁਕਤੀ ਵੇਲੇ ਉਨ੍ਹਾਂ ਨੂੰ ਬੇਮਿਸਾਲ ਸਮਾਗਮ ਕਰਕੇ ਵਿਦਾ ਕੀਤਾ।

2. ਸ੍ਰੀ ਗੁਰੂ ਸਿੰਘ ਸਭਾ ਨੈਰੋਬੀ, ਕੀਨੀਆ: ਸਿੱਖ ਧਰਮ ਵਿਚ ਆ ਰਹੀਆਂ ਕੁਰੀਤੀਆਂ ਦੇ ਖਿਲਾਫ਼ ਚੱਲੀ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਇਸ ਗੁਰੂ ਘਰ ਦੀ ਉਸਾਰੀ ਕੀਤੀ ਗਈ ਸੀ। 1909 ਵਿਚ ਸ: ਕਿਸ਼ਨ ਸਿੰਘ ਨੇ ਇਸ ਦਾ ਨੀਂਹ-ਪੱਥਰ ਰੱਖਿਆ ਸੀ। ਤਕਰੀਬਨ 2 ਸਾਲ ਵਿਚ ਇਸ ਦੀ ਉਸਾਰੀ ਮੁਕੰਮਲ ਹੋ ਗਈ ਸੀ ਤੇ ਇਸ ਦਾ ਉਦਘਾਟਨ ਬਾਬਾ ਬਿਸ਼ਨ ਸਿੰਘ ਨੇ 1911 ਵਿਚ ਕੀਤਾ। ਉਸ ਵੇਲੇ ਨੈਰੋਬੀ ਵਿਚ ਸਿਰਫ 100 ਦੇ ਕਰੀਬ ਸਿੱਖ ਰਹਿੰਦੇ ਸਨ ਪਰ ਗੁਰੂ ਘਰ ਦੀ ਇਮਾਰਤ ਐਨੀ ਸ਼ਾਨਦਾਰ ਬਣਾਈ ਗਈ ਸੀ ਕਿ ਦੂਰੋਂ-ਦੂਰੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਸਨ। ਇਸ ਦਾ ਤਾਂਬੇ ਨਾਲ ਢਕਿਆ ਮੁੱਖ ਗੁੰਬਦ ਨੈਰੋਬੀ ਦੀ ਸ਼ਾਨ ਸੀ। 1956 ਵਿਚ ਸਿੱਖਾਂ ਨੇ ਨਵਾਂ ਗੁਰੂ ਘਰ ਬਣਾਉਣ ਲਈ ਸਰਕਾਰੀ ਜ਼ਮੀਨ ਅਲਾਟ ਕਰਨ ਲਈ ਦਰਖਾਸਤ ਦਿੱਤੀ, ਜੋ ਸਰਕਾਰ ਨੇ ਮਨਜ਼ੂਰ ਕਰ ਲਈ। ਨਵੇਂ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਜਨਵਰੀ 1959 ਵਿਚ ਹੋਈ ਅਤੇ 1963 ਵਿਚ ਮੁਕੰਮਲ ਹੋਈ। 1982 ਵਿਚ ਦੁਬਾਰਾ ਇਸ ਦੀ ਇਮਾਰਤ ਵਿਚ ਕਈ ਫੇਰਬਦਲ ਕੀਤੇ ਤੇ ਕਈ ਨਵੇਂ ਵਿੰਗ ਜੋੜੇ ਗਏ।

3. ਸਿੱਖ ਟੈਂਪਲ ਮੈਕਿੰਦੂ, ਕੀਨੀਆ: ਮੈਕਿੰਦੂ ਗੁਰਦੁਆਰਾ ਨੈਰੋਬੀ ਤੋਂ ਤਕਰੀਬਨ 100 ਕਿਲੋਮੀਟਰ ਦੂਰ ਨੈਰੋਬੀ ਮੌਮਬਾਸਾ ਮੇਨ ਹਾਈਵੇ ‘ਤੇ ਸਥਿਤ ਹੈ। ਇਹ ਗੁਰੂ ਘਰ ਮੌਮਬਾਸਾ ਤੋਂ ਯੂਗਾਂਡਾ ਤੱਕ ਰੇਲਵੇ ਲਾਈਨ ਵਿਛਾਉਣ ਵਾਲੀ ਕੰਪਨੀ ਦੇ ਸਿੱਖ ਕਰਮਚਾਰੀਆਂ ਨੇ 1926 ਵਿਚ ਬਣਾਇਆ ਸੀ। ਇਸ ਗੁਰੂ ਘਰ ਦੀ ਇਮਾਰਤ ਮੇਨ ਹਾਈਵੇ ਤੋਂ ਥੋੜ੍ਹਾ ਪਿੱਛੇ ਹਟ ਕੇ ਬਹੁਤ ਹੀ ਰਮਣੀਕ ਸਥਾਨ ‘ਤੇ ਸਥਿਤ ਹੈ। ਇਸ ਦਾ ਲੰਗਰ ਹਾਲ ਤੇ ਸਰਾਂ ਬਹੁਤ ਹੀ ਖੂਬਸੂਰਤ ਹਨ। ਸਰਾਂ ਵਿਚ ਅਨੇਕਾਂ ਕਮਰੇ ਅਟੈਚਡ ਬਾਥਰੂਮਾਂ ਵਾਲੇ ਹਨ। ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ, ਇਥੇ ਦੋ ਰਾਤਾਂ ਤੱਕ ਮੁਫਤ ਰਹਿ ਸਕਦਾ ਹੈ। ਇਥੇ ਠਹਿਰਨ ਦੀ ਸ਼ਰਤ ਸਿਰਫ ਇਹ ਹੈ ਕਿ ਇਥੇ ਸਿਗਰਟ ਤੇ ਸ਼ਰਾਬ ਦੀ ਵਰਤੋਂ ਦੀ ਬਹੁਤ ਸਖਤ ਮਨਾਹੀ ਹੈ। ਲੰਗਰ 24 ਘੰਟੇ ਚਲਦਾ ਹੈ। ਮੌਮਬਾਸਾ ਨੈਰੋਬੀ ਮੇਨ ਹਾਈਵੇ ‘ਤੇ ਹੋਣ ਕਾਰਨ ਇਹ ਗੁਰੂ ਘਰ ਟੂਰਿਸਟਾਂ ਵਿਚ ਬਹੁਤ ਹੀ ਲੋਕਪ੍ਰਿਆ ਹੈ। ਸ਼ੁਰੂ-ਸ਼ੁਰੂ ਵਿਚ ਕੀਨੀਆ ਦੀ ਸਥਾਨਕ ਵਸੋਂ ਵਾਸਤੇ ਲੰਗਰ ਦਾ ਖਾਣਾ ਮੁਫਤ ਮਿਲਣਾ ਬਹੁਤ ਹੀ ਹੈਰਾਨੀਜਨਕ ਵਰਤਾਰਾ ਸੀ। ਇਸ ਗੁਰੂ ਘਰ ਦੀ ਇਮਾਰਤ ਐਨੀ ਸ਼ਾਨਦਾਰ ਬਣੀ ਹੈ ਕਿ ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਾਰਤ ਤੋਂ ਬਾਹਰ ਦੁਨੀਆ ਦਾ ਸਭ ਤੋਂ ਸੁੰਦਰ ਗੁਰਦੁਆਰਾ ਹੈ। ਇਸੇ ਕਰਕੇ ਇਸ ਨੂੰ ਅਫਰੀਕਾ ਦਾ ਸ੍ਰੀ ਹਰਿਮੰਦਰ ਸਹਿਬ ਵੀ ਕਿਹਾ ਜਾਂਦਾ ਹੈ। ਗੁਰੂ ਘਰ ਤੋਂ ਇਲਾਵਾ ਇਥੇ ਅਫਰੀਕਨ ਵਸੋਂ ਦੇ ਇਲਾਜ ਦੀ ਸਹੂਲਤ ਲਈ ਮਾਤਾ ਵੀਰ ਕੌਰ ਹਸਪਤਾਲ ਵੀ ਬਣਿਆ ਹੋਇਆ ਹੈ। ਹੋਰ ਕੋਈ ਵੀ ਨਜ਼ਦੀਕੀ ਹਸਪਤਾਲ ਇਥੋਂ ਤਕਰੀਬਨ 100 ਕਿ: ਮੀ: ਦੂਰ ਹੈ।

4. ਸਿੱਖ ਟੈਂਪਲ ਲਾਂਡੀਆ, ਨੈਰੋਬੀ, ਕੀਨੀਆ : ਇਹ ਗੁਰੂ ਘਰ 1903 ਵਿਚ ਬਣਿਆ ਸੀ ਤੇ ਨੈਰੋਬੀ ਦਾ ਸਭ ਤੋਂ ਪੁਰਾਣਾ ਗੁਰੂ ਘਰ ਹੈ। ਇਹ ਗੁਰੂ ਘਰ ਈਸਟ ਅਫਰੀਕਨ ਰੇਲਵੇ ਕੰਪਨੀ ਕੀਨੀਆ ਦੇ ਸਿੱਖ ਮੁਲਾਜ਼ਮਾਂ ਨੇ ਸਥਾਪਿਤ ਕੀਤਾ ਸੀ। ਇਹ ਨੈਰੋਬੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ। ਸਮੇਂ ਦੇ ਨਾਲ-ਨਾਲ ਸਿੱਖ ਸਮਾਜ ਇਥੋਂ ਨੈਰੋਬੀ ਦੇ ਨਵੇਂ ਇਲਾਕਿਆਂ ਵਿਚ ਜਾ ਵਸਿਆ। ਇਸ ਦੇ ਨਜ਼ਦੀਕ ਹੀ ਇਕ ਹੋਰ ਗੁਰੂ ਘਰ, ਗੁਰਦੁਆਰਾ ਰਾਮਗੜ੍ਹੀਆ ਸਾਊਥ ਸੀ. ਨੈਰੋਬੀઠਸਥਾਪਿਤ ਕੀਤਾ ਗਿਆ। ਹੌਲੀ-ਹੌਲੀ ਸੰਗਤ ਦਾ ਧਿਆਨ ਇਸ ਗੁਰੂ ਘਰ ਵੱਲੋਂ ਘਟਦਾ ਗਿਆ ਤੇ ਇਹ ਤਕਰੀਬਨ ਬੰਦ ਹੀ ਹੋ ਗਿਆ। ਇਸ ਲਈ 2002, 2003 ਵਿਚ ਰੇਲਵੇ ਕਮਿਸ਼ਨ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਹ ਗੁਰੂ ਘਰ ਰੇਲਵੇ ਦੀ ਜ਼ਮੀਨ ‘ਤੇ ਬਣਿਆ ਹੋਇਆ ਹੈ ਤੇ ਵਰਤੋਂ ਵਿਚ ਨਹੀਂ ਆ ਰਿਹਾ। ਇਸ ਲਈ ਜਾਂ ਤਾਂ ਇਸ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਜਾਂ ਇਸ ਨੂੰ ਢਾਹ ਦਿੱਤਾ ਜਾਵੇਗਾ, ਤਾਂ ਜੋ ਇਸ ਦੀ ਜ਼ਮੀਨ ਵਪਾਰਕ ਕੰਮਾਂ ਲਈ ਵਰਤੀ ਜਾ ਸਕੇ। ਨੈਰੋਬੀ ਵਿਚ ਸਿੱਖਾਂ ਦੀ ਆਬਾਦੀ ਜ਼ਿਆਦਾ ਨਹੀਂ ਹੈ ਅਤੇ ਸੰਗਤ ਦੀ ਵਰਤੋਂ ਵਾਸਤੇ ਹੋਰ 6 ਵੱਡੇ ਗੁਰਦੁਆਰੇ ਮੌਜੂਦ ਹਨ। ਪਰ ਸਿੱਖਾਂ ਨੂੰ ਗੁਰੂ ਘਰ ਜਾਨ ਨਾਲੋਂ ਵੀ ਵੱਧ ਪਿਆਰੇ ਹੁੰਦੇ ਹਨ, ਇਸ ਲਈ ਪੰਥ ਨੇ ਸਲਾਹ ਕਰਕੇ ਨੈਰੋਬੀ ਦੇ ਇਸ ਸਭ ਤੋਂ ਪਹਿਲੇ ਗੁਰਦੁਆਰੇ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ। ਅਕਾਲ ਪੁਰਖ ਦੀ ਕ੍ਰਿਪਾ ਨਾਲ ਲੜੀ ਚੱਲਣ ਕਰਕੇ ਗੁਰੂ ਘਰ ਵਿਚ ਦੁਬਾਰਾ ਚਹਿਲ-ਪਹਿਲ ਸ਼ੁਰੂ ਹੋ ਗਈ ਤੇ ਬਾਣੀ ਦਾ ਪ੍ਰਵਾਹ ਨਿਰੰਤਰ ਚੱਲਣ ਲੱਗਾ। ਪੰਥ ਦੇ ਇਸ ਉਪਰਾਲੇ ਨਾਲ ਗੁਰੂ ਘਰ ਦੀ ਇਮਾਰਤ ਬਚਾ ਲਈ ਗਈ ਹੈ।

5. ਨਾਨਕਸਰ ਸਤਿਸੰਗ ਸਭਾ ਨੈਰੋਬੀ : ਇਸ ਗੁਰੂ ਘਰ ਦਾ ਪ੍ਰਬੰਧ ਨਾਨਕਸਰ ਸੰਪ੍ਰਦਾਏ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਸਿੱਖ ਸੰਗਤ ਦੀ ਸਹੂਲਤ ਲਈ ਵੱਖਰਾ ਬਾਬਾ ਈਸ਼ਰ ਸਿੰਘ ਕਮਿਊਨਿਟੀ ਸੈਂਟਰ ਬਣਾਇਆ ਗਿਆ ਹੈ। ਇਸ ਨਾਲ ਸੰਗਤ ਨੂੰ ਵਿਆਹ-ਸ਼ਾਦੀ ਅਤੇ ਦੂਸਰੇ ਧਾਰਮਿਕ ਤੇ ਸਮਾਜਿਕ ਸਮਾਗਮ ਕਰਨ ਦੀ ਬਹੁਤ ਸਹੂਲਤ ਹੋ ਗਈ ਹੈ।

Source: SikhChannel.Com

Leave a Reply

Your email address will not be published.

This site uses Akismet to reduce spam. Learn how your comment data is processed.