84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦਿੱਲੀ ’ਚ ਭੁੱਖ ਹੜਤਾਲ ਤੇ ਬੈਠੇ ਭਾਈ ਇਕਬਾਲ ਸਿੰਘ ਸਾਥ ਦਿੱਤਾ ਜਾਵੇ: ਭਾਈ ਸੁਖਵਿੰਦਰ ਸਿੰਘ ਖਾਲਸਾ

ਨਵੀਂ ਦਿੱਲੀ:- 84 ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਤੇ ਅੱਜ ਵੀ ਕੌਮ ਨੂੰ ਇਨਸਾਫ ਨਹੀਂ ਮਿਲਿਆ ਜਿਸ ਲਈ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਘੱਟ ਗਿਣਤੀ ਦਾ ਸਾਥ ਨਹੀਂ ਦਿੱਤਾ ਪਰ ਅੱਜ ਲੋੜ ਹੈ ਸ਼ਰੇਆਮ ਘੁੰਮ ਰਹੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਕੌਮ ਦੇ ਇੱਕਜੁੱਟ ਹੋਕੇ ਸੜਕਾਂ ਤੇ ਉਤਰਨ ਦੀ ਇਸ ਲਈ ਕੌਮ ਨੂੰ ਚਾਹੀਦਾ ਹੈ ਕਿ ਉਹ ਪਿਛਲੇ 45 ਦਿਨਾਂ ਤੋਂ ਦਿੱਲੀ ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਇਕਬਾਲ ਸਿੰਘ ਦਾ ਡੱਟਵਾਂ ਸਾਥ ਦਿੱਤਾ ਜਾਵੇ, ਦੁੱਖ ਦੀ ਗੱਲ ਹੈ ਕਿ ਇਸ ਸੰਘਰਸ਼ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਾਥ ਦੇਣ ਲਈ ਕਦਮ ਨਹੀਂ ਵਧਾਇਆ।

ਇਹਨਾ ਗੱਲਾਂ ਦਾ ਪ੍ਰਗਟਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਸਿਰਸਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਭੁੱਖ ਹੜਤਾਲ ਤੇ ਬੈਠੇ ਭਾਈ ਇੱਕਬਾਲ ਸਿੰਘ ਦੀ ਹੌਂਸਲਾ ਅਫਜਾਈ ਕਰਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਜਦੋਂ ਕਿ ਪੀੜ੍ਹਤਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਭਾਈ ਇਕਬਾਲ ਸਿੰਘ ਨੇ ਕਿਹਾ ਕਿ ਭੁੱਖ ਹੜਤਾਲ ਦਾ ਮੁੱਖ ਮਕਸਦ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾ ਦਵਾਉਣਾ ਹੈ ਤੇ ਉਹਨਾਂ ਪਹਿਲਾਂ ਕੇਸਰੀ ਲਹਿਰ ਅਤੇ ਪ੍ਰੋ.ਭੁੱਲਰ ਦੀ ਰਿਹਾਈ ਲਈ, 84 ਕਤਲੇਆਮ ਦੇ ਦੋਸ਼ੀਆਂ ਲਈ ਪਹਿਲਾਂ ਵੀ 5 ਦਸੰਬਰ ਤੋਂ ਭੁੱਖ ਹੜਤਾਲ ਕੀਤੀ ਤੇ 11 ਦਿਨ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨਸਾਫ ਦਵਾਉਣ ਲਈ ਸਾਥ ਦੇਣ ਦਾ ਭਰੋਸਾ ਦੇਕੇ ਭੁੱਖ ਹੜਤਾਲ ਸਮਾਪਤ ਕਰਵਾਈ ਸੀ ਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਤੇ ਇਨਸਾਫ ਦੀ ਕੁੱਝ ਉਮੀਦ ਬੱਝੀ ਹੈ।

ਉਹਨਾਂ ਮੰਗ ਕੀਤੀ ਕਿ ਮਾਨਸਿਕ ਤੌਰ ਤੇ ਬਿਮਾਰ ਪ੍ਰੋ.ਭੁੱਲਰ ਵਰਗੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, 84 ਕਤਲੇਆਮ ਦਾ ਕੇਸ ਫਾਸਟ ਟਰੈਕ ਕੋਰਟ ਵਿੱਚ ਲਾਕੇ ਛੇ ਮਹੀਨਿਆਂ ’ਚ ਫੈਸਲਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੌਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਇਸ ਮੌਕੇ ਭਾਈ ਖਾਲਸਾ ਦੇ ਨਾਲ ਹਰਪਾਲ ਸਿੰਘ ਭੂਨਾ, ਜਸਵੀਰ ਸਿੰਘ ਓਡਾਂ, ਗੁਰਮੀਤ ਸਿੰਘ ਚਕੇਰੀਆਂ, ਸਰਦੂਲ ਸਿੰਘ, ਸੁਰਜੀਤ ਸਿੰਘ, ਜੱਸਾ ਸਿੰਘ ਸੋਢੀ ਸਿਰਸਾ, ਸੁਰਜੀਤ ਸਿੰਘ ਸਿਰਸਾ, ਕੁਲਦੀਪ ਸਿੰਘ ਕਰਨਾਲ, ਬਲਵਿੰਦਰ ਸਿੰਘ ਕਰਨਾਲ, ਰਣਜੀਤ ਸਿੰਘ ਆਦਿ ਹਾਜਰ ਸਨ।

Source: SikhSangharsh.Com