ਸਿੱਖ ਇਤਿਹਾਸ: ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ)

ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਜੀ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ |

ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |

ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |

ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |

ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |

Leave a Reply

Your email address will not be published.

This site uses Akismet to reduce spam. Learn how your comment data is processed.