ਗੁਰਦੁਆਰਾ ਦਰਸ਼ਨ: ਗੁਰਦੁਆਰਾ ਪੰਜਾ ਸਾਹਿਬ

ਰਾਵਲਪਿੰਡੀ ਤੋਂ ਕੋਈ 45 ਕਿ: ਮੀ: ਦੀ ਦੂਰੀ ‘ਤੇ ਆਬਾਦ ਕਸਬੇ ਹਸਨ ਅਬਦਾਲ ਨੂੰ ਅੱਜ ਗੁਰਦੁਆਰਾ ਪੰਜਾ ਸਾਹਿਬ ਦੀ ਬਦੌਲਤ ਪਾਕਿਸਤਾਨ ਸਰਕਾਰ ਵੱਲੋਂ ‘ਧਾਰਮਿਕ ਸ਼ਹਿਰ’ ਐਲਾਨਿਆ ਜਾ ਚੁੱਕਾ ਹੈ, ਜੋ ਆਪਣੇ-ਆਪ ਵਿਚ ਬਹੁਤ ਵੱਡੀ ਉਪਲਬਧੀ ਹੈ। ਗੁਰਦੁਆਰਾ ਪੰਜਾ ਸਾਹਿਬ ਬਾਰੇ ਮਹਿਮਾ ਪ੍ਰਕਾਸ਼, ਸਿੱਖ ਰਿਲੀਜਨ (ਮਿ: ਮੈਕਾਲਫ਼), ਤਵਾਰੀਖ ਖਾਲਸਾ, ਨਾਨਕ ਪ੍ਰਕਾਸ਼ ਅਤੇ ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿਚ ਆਪਣੇ ਚਰਨ ਪਾਏ। ਕਈ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦਾ ਸਮਾਂ ਵੈਸਾਖ, ਸੰਮਤ 1578 ਬਿ: ਵੀ ਪੜ੍ਹਨ ‘ਚ ਆਉਂਦਾ ਹੈ।

ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ‘ਮਹਾਨ ਕੋਸ਼’ ਦੇ ਸਫ਼ਾ 792-793 ਅਨੁਸਾਰ ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵੈਸਾਖ, ਸੰਮਤ 1578 ਬ੍ਰਿਕਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ‘ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ।

ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ‘ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।

Source: SikhChannel.Com

Leave a Reply

Your email address will not be published.

This site uses Akismet to reduce spam. Learn how your comment data is processed.