ਫਿਰਕੂ ਪ੍ਰਚਾਰ ਵਾਲੀਆਂ ਸਾਈਟਾਂ ’ਤੇ ਪਾਬੰਦੀ ਲੱਗੇ: ਮੱਕੜ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਸਾਈਟਾਂ ਰਾਹੀਂ ਇਕ ਫਿਰਕੇ ਦੇ ਲੋਕਾਂ ਵੱਲੋਂ ਸ਼ਰਾਰਤਪੂਰਨ ਕਾਰਵਾਈ ਕਰਦਿਆਂ ਦੂਸਰੇ ਫਿਰਕੇ ਦੀਆਂ ਬੱਚੀਆਂ ਨੂੰ ‘ਲਵ ਜੇਹਾਦ’ ਦੇ ਨਾਂ ’ਤੇ ਗੁੰਮਰਾਹ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ, ਇਸ ਨਾਲ ਭਾਈਚਾਰਕ ਸਾਂਝ ਨੂੰ ਸੱਟ ਵੱਜਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫੁੱਟਪਾਉ ਸੋਸ਼ਲ ਸਾਈਟਾਂ ’ਤੇ ਸਰਕਾਰ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਜਿਹੜੇ ਸ਼ਰਾਰਤੀ ਵਿਅਕਤੀਆਂ ਵੱਲੋਂ ਅਜਿਹਾ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਕਰਕੇ ਸੋਸ਼ਲ ਸਾਈਟਾਂ ’ਤੇ ਇਕ ਦੂਸਰੇ ਵਿਰੁੱਧ ਬਹੁਤ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਅਕਸਰ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ‘ਲਵ ਜਹਾਦ’ ਦੇ ਨਾਂ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਅਤੇ ਗੁਆਂਢੀ ਦੇਸ਼ ਦੇ ਫੋਨ ਨੰਬਰ, ਵੈਬਸਾਈਟ ਅਤੇ ਈ-ਮੇਲ ਆਈ.ਡੀ. ਐਡਰੈੱਸ ਦਿੱਤੇ ਗਏ ਹਨ। ਇਨ੍ਹਾਂ ਦੀ ਘੋਖ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਜ਼ੁਲਮ ਵੱਧਦਾ ਜਾ ਰਿਹਾ ਹੈ। ਜੇ ਇਸ ਨੂੰ ਰੋਕਣ ਦੇ ਯਤਨ ਨਾ ਹੋਏ ਤਾਂ ਖਤਰਨਾਕ ਸਿੱਟੇ ਭੁਗਤਣ ਲਈ ਵੀ ਸਮਾਜ ਨੂੰ ਤਿਆਰ ਰਹਿਣਾ ਚਾਹੀਦਾ ਹੈ।

Source: SikhSangharsh.Com