ਗੁਰਦੁਆਰੇ ‘ਚ ਜੱਥੇਦਾਰ ਨੂੰ ਮਾਰੀ ਗੋਲੀ

ਤਰਨਤਾਰਨ:- ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸੋਮਵਾਰ ਨੂੰ ਖਡੂਰ ਸਾਹਿਬ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਜੱਥੇਦਾਰ ਬਲਦੇਵ ਸਿੰਘ ‘ਤੇ ਗੋਲੀਆਂ ਚਲਾਉਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਗੁਰਦੁਆਰੇ ਦੇ ਜੱਥੇਦਾਰ ਬਲਦੇਵ ਸਿੰਘ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਣੇ ਇਕ ਕਮਰੇ ‘ਚ ਬੈਠੇ ਹੋਏ ਸਨ ਕਿ ਇੰਨੇ ‘ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀ ਗੁਰਦੁਆਰੇ ‘ਚ ਦਾਖਲ ਹੋ ਗਏ।

ਉਨ੍ਹਾਂ ਨੇ ਬਲਦੇਵ ਸਿੰਘ ‘ਤੇ ਪੁਰਾਣੀ ਰੰਜਿਸ਼ ਦੌਰਾਨ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਗੋਲੀ ਬਲਦੇਵ ਸਿੰਘ ਦੇ ਢਿੱਡ ‘ਚ ਵੱਜੀ, ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ‘ਚ ਬਲਦੇਵ ਸਿੰਘ ਦਾ ਪੁੱਤਰ ਅਮਲੋਕ ਸਿੰਘ ਵੀ ਜ਼ਖਮੀ ਹੋ ਗਿਆ।

ਗੰਭੀਰ ਜ਼ਖਮੀ ਹੋਏ ਬਲਦੇਵ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਜਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬਲਦੇਵ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ‘ਚ ਤਬਦੀਲ ਕਰ ਦਿੱਤਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲਸ ਨੇ ਮੌਕੇ ‘ਤੇ ਪੁੱਜ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਮੁਤਾਬਕ ਹਮਲਾ ਕਰਨ ਵਾਲੇ ਵਿਅਕਤੀ ਖਾਤੀ ਵਰਦੀਧਾਰੀ ਸਨ।

Source: JagBani.Com