ਗੁਰਦੁਆਰਾ ਦਰਸ਼ਨ: ਦੱਖਣੀ ਅਮਰੀਕਾ ਦੇ ਗੁਰਦੁਆਰੇ

ਅਰਜਨਟੀਨਾ ਦਾ ਗੁਰਦੁਆਰਾ: ਅਰਜਨਟੀਨਾ ਵਿਚ ਵੀ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ। ਸਿੱਖ ਇੱਥੇ 19ਵੀਂ ਸਦੀ ਵਿਚ ਇੰਗਲਿਸ਼ ਰੇਲ ਰੋਡ ਕੰਪਨੀ ਨਾਲ ਕੰਮ ਕਰਨ ਵਾਸਤੇ ਆਏ ਸਨ। ਉਸ ਤੋਂ ਬਾਅਦ ਸਿੱਖ ਇਥੇ 1970 ਵਿਆਂ ‘ਚ ਉਸ ਵੇਲੇ ਆਏ ਜਦੋਂ ਕੈਨੇਡਾ ਅਤੇ ਅਮਰੀਕਾ ਵਿਚ ਇਮੀਗਰੇਸ਼ਨ ਕਾਨੂੰਨ ਬਹੁਤ ਸਖਤ ਹੋ ਗਏ ਸਨ। ਸਿੱਖ ਜ਼ਿਆਦਾਤਰ ਉੱਤਰੀ ਅਰਜਨਟੀਨਾ ਵਿਚ ਰਹਿੰਦੇ ਹਨ, ਜਿਸ ਦੀ ਭੂਗੋਲਿਕ ਹਾਲਤ ਤੇ ਪੌਣ-ਪਾਣੀ ਪੰਜਾਬ ਵਰਗਾ ਹੀ ਹੈ। ਇਸ ਵੇਲੇ ਅਰਜਨਟੀਨਾ ਵਿਚ ਸਿਰਫ 300-400 ਸਿੱਖ ਹੀ ਪੱਕੇ ਵਸਨੀਕ ਹਨ। ਸਿੱਖਾਂ ਦੇ ਕਾਰੋਬਾਰ ਇਥੇ ਵਧੀਆ ਹਨ ਤੇ ਵੱਡੀਆਂ-ਵੱਡੀਆਂ ਦੁਕਾਨਾਂ ਤੇ ਸੁਪਰ ਮਾਰਕੀਟਾਂ ਦੇ ਮਾਲਕ ਹਨ। ਅਰਜਨਟੀਨਾ ਦਾ ਇਕੋ-ਇਕ ਗੁਰੂ-ਘਰ ਰੋਜ਼ਾਰੀਉ ਡੀ ਲਾ ਫਰੌਨਟੈਰਾ ਨਾਂਅ ਦੇ ਸ਼ਹਿਰ ਵਿਚ ਹੈ। ਸਿੱਖ ਲੋਕ ਬੜੀ ਸ਼ਰਧਾ ਨਾਲ ਗੁਰੂ-ਘਰ ਜਾਂਦੇ ਹਨ। ਹਰੇਕ ਐਤਵਾਰ ਨੂੰ ਲੋਕਲ ਸਿੱਖ ਸਮਾਜ ਇਕੱਠਾ ਹੋ ਕੇ ਸਾਂਝੇ ਮਸਲੇ ਵਿਚਾਰਦਾ ਹੈ ਅਤੇ ਕਥਾ ਕੀਰਤਨ ਦਾ ਪ੍ਰਵਾਹ ਚਲਦਾ ਹੈ। ਪਰ ਹੌਲੀ-ਹੌਲੀ ਅਗਲੀ ਪੀੜ੍ਹੀ ਦੀਆਂ ਸ਼ਾਦੀਆਂ ਲੋਕਲ ਵਸੋਂ ਵਿਚ ਹੋਣ ਕਾਰਨ ਸਿੱਖ ਆਬਾਦੀ ਖੁਰਦੀ ਜਾ ਰਹੀ ਹੈ।

Source: SikhChannel.Com