ਗੁਰਦੁਆਰਾ ਦਰਸ਼ਨ: ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ

ਰਾਜਸਥਾਨ ਦੇ ਹਨੂੰਮਾਨਗੜ੍ਹ ਟਾਊਨ ਵਿਖੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬਣਿਆ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਵਿਲੱਖਣ ਇਤਿਹਾਸਕ ਯਾਦ ਨੂੰ ਆਪਣੀ ਬੁੱਕਲ ਵਿੱਚ ਸਮਾਈ ਬੈਠਾ ਹੈ। ਇਤਿਹਾਸਕ ਤੱਥਾਂ ਅਨੁਸਾਰ 18ਵੀਂ ਸਦੀ ਵਿੱਚ ਸਿੱਖ ਧਰਮ ਦੀ ਆਸਥਾ ਦੇ ਮੁੱਖ ਕੇਂਦਰ ਹਰਿਮੰਦਰ ਸਾਹਿਬ ’ਤੇ ਜਦੋਂ ਤਤਕਾਲੀ ਸ਼ਾਸਕ ਮੱਸਾ ਰੰਗੜ ਨੇ ਕਬਜ਼ਾ ਕਰ ਲਿਆ ਸੀ ਅਤੇ ਸਿੱਖਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਅੱਤਿਆਚਾਰ ਕਰਨੇ ਸ਼ੁਰੂੁ ਕਰ ਦਿੱਤੇ ਸਨ ਤਾਂ ਮੱਸਾ ਰੰਗੜ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਬਹੁਤ ਸਾਰੇ ਸਿੱਖਾਂ ਨੇ ਬੀਕਾਨੇਰ ਰਿਆਸਤ ਦੇ ਖੇਤਰ ਬੁੱਢਾ ਜੌਹੜ ਵਿੱਚ ਜਾ ਡੇਰੇ ਲਾਏ। ਇੱਥੋਂ ਹੀ ਸਿੱਖ ਯੋਧੇ ਮੰਮੋ ਦੀ ਮਾੜੀ ਨਿਵਾਸੀ ਸੁੱਖਾ ਸਿੰਘ ਅਤੇ ਮੀਰਾਂਕੋਟ ਨਿਵਾਸੀ ਮਹਿਤਾਬ ਸਿੰਘ ਮੱਸਾ ਰੰਗੜ ਦਾ ਅੰਤ ਕਰਨ ਲਈ ਰਵਾਨਾ ਹੋਏ। ਜਗੀਰਦਾਰਾਂ ਦਾ ਭੇਸ ਬਣਾ ਕੇ ਉਹ ਮੱਸਾ ਰੰਗੜ ਦੇ ਦਰਬਾਰ ਵਿੱਚ ਗਏ ਅਤੇ ਕਰੀਬ 10 ਦਿਨ ਤਕ ਉਹ ਇੱਥੇ ਹੀ ਮੌਕੇ ਦੀ ਭਾਲ ਵਿੱਚ ਲੱਗੇ ਰਹੇ। ਆਖਰ 10 ਦਿਨ ਬਾਅਦ ਉਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਕੱਟ ਲਿਆ ਅਤੇ ਉਸ ਨੂੰ ਨੇਜ਼ੇ ’ਤੇ ਟੰਗ ਕੇ ਇਹ ਦੋਵੇਂ ਯੋਧੇ ਬੁੱਢਾ ਜੌਹੜ (ਰਾਜਸਥਾਨ) ਲਈ ਰਵਾਨਾ ਹੋਏ। ਰਸਤੇ ਵਿੱਚ ਉਨ੍ਹਾਂ ਨੇ ਹਨੂੰਮਾਨਗੜ੍ਹ ਵਿੱਚ ਹੁਣ ਸੁਸ਼ੋਭਿਤ ਇਸ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਆਰਾਮ ਕੀਤਾ। ਉਨ੍ਹਾਂ ਇਸ ਗੁਰਦੁਆਰਾ ਸਹਿਬ ਵਿੱਚ ਉਸ ਵੇਲੇ ਸਥਿਤ ਜਿਸ ਰੁੱਖ ਥੱਲੇ ਆਰਾਮ ਕੀਤਾ ਸੀ, ਉਹ ਰੁੱਖ ਅੱਜ ਵੀ ਇੱਥੇ ਹਰਾ ਖੜਾ ਹੈ ਜੋ ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਪਿਛਲੇ ਕਰੀਬ 34 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਸਲਾਨਾ ਮੇਲਾ ਭਰਦਾ ਹੈ, ਜੋ ਹੁਣ ਰਾਜਸਥਾਨ ਦਾ ਪ੍ਰਮੁੱਖ ਜੋੜ ਮੇਲਾ ਬਣ ਚੁੱਕਾ ਹੈ। ਇਸ ਮੇਲੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਹਾਜ਼ਰੀ ਭਰਦੇ ਹਨ। ਇਸ ਦੌਰਾਨ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਸਿੱਖ ਕੌਮ ਦੇ ਇਨ੍ਹਾਂ ਬਹਾਦਰ ਯੋਧਿਆਂ ਦੀਆਂ ਵਾਰਾਂ ਪੇਸ਼ ਕਰਕੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਾਇਆ ਜਾਂਦਾ ਹੈ।

Source: SikhChannel.Com