ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਪੂਰੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਕਰਾਰ

ਅੰਮ੍ਰਿਤਸਰ: ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 29ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇਥੇ ਮੁੱਦਾ ਉਠਾਇਆ ਕਿ ਜਦੋਂ ਅੰਗ ਰੱਖਿਅਕਾਂ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ’ਤੇ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਦੀ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੀ ਥਾਂ, ਇਸ ਹਮਲੇ ਦੇ ਪਿੱਛੇ ਕੀ ਕਾਰਨ ਹਨ, ਨੂੰ ਜਾਣਨਾ ਚਾਹੀਦਾ ਸੀ। ਇਹ ਵਿਚਾਰ ਉਨ੍ਹਾਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਝੰਡੇ ਬੁੰਗੇ ਵਿਖੇ 1984 ’ਚ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ’ਚ ਮਨਾਏ ਸਮਾਗਮ ਦੌਰਾਨ ਪ੍ਰਗਟਾਏ।

ਉਨ੍ਹਾਂ ਮਿਸਾਲ ਦਿੱਤੀ ਕਿ ਮਹਾਤਮਾ ਗਾਂਧੀ ’ਤੇ ਨਾਥੂ ਰਾਮ ਗੋਡਸੇ ਨੇ ਹਮਲਾ ਕੀਤਾ ਸੀ, ਪਰ ਸਜ਼ਾ ਕੇਵਲ ਨੱਥੂ ਰਾਮ ਨੂੰ ਹੀ ਦਿੱਤੀ ਗਈ। ਰਾਜੀਵ ਗਾਂਧੀ ’ਤੇ ਜੇਕਰ ਹਮਲਾ ਹੋਇਆ ਤਾਂ ਸਜ਼ਾ ਕੇਵਲ ਹਮਲਾਵਰਾਂ ਤੱਕ ਸੀਮਤ ਸੀ, ਪ੍ਰੰਤੂ ਸਿੱਖ ਨਸਲਕੁਸ਼ੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ। ਉਸ ਵੇਲੇ ਜੇਕਰ ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ’ਤੇ ਹਮਲਾ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਇਸ ਹਮਲੇ ਪਿੱਛੇ ਕਾਰਨ ਕੀ ਹਨ, ਨੂੰ ਜਾਨਣਾ ਚਾਹੀਦਾ ਸੀ, ਪ੍ਰੰਤੂ ਇੰਜ ਕਰਨ ਦੀ ਬਜਾਏ ਸਮੇਂ ਦੇ ਹਾਕਮਾਂ ਨੇ ਪੂਰੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ। ਤਿੰਨ ਦਿਨ ਲਗਾਤਾਰ ਦਿੱਲੀ ਅਤੇ ਇਸ ਦੀਆਂ ਹਮਾਇਤੀ ਸਰਕਾਰਾਂ ਵਾਲੇ ਸੂਬਿਆਂ ‘ਚ ਚੁਣ-ਚੁਣ ਕੇ ਸਿੱਖ ਨਸਲਕੁਸ਼ੀ ਕੀਤੀ ਗਈ।

29 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਦੰਗਾਕਾਰੀ ਜਾਂ ਉਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਗਈ ਸਗੋਂ ਸਿੱਖਾਂ ਦੇ ਰਿਸਦੇ ਜ਼ਖ਼ਮਾਂ ’ਤੇ ਲੂਣ ਛਿੜਕਦਿਆਂ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲਿਆਂ ਨੂੰ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ।

ਇਸ ਤੋਂ ਪਹਿਲਾਂ ਗੁਰਦੁਆਰਾ ਝੰਡੇ-ਬੁੰਗੇ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ। ਉਪਰੰਤ ਗਿਆਨੀ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਨੇ ਹੁਕਮਨਾਮਾ ਲਿਆ।

ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਈ ਬੀਬੀ ਪਰਮਜੀਤ ਕੌਰ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬੀਬੀ ਦੇ ਪਰਿਵਾਰ ਦੇ 24 ਜੀਅ ਦਿੱਲੀ ਵਿਖੇ ਮਾਰੇ ਗਏ ਸਨ।